ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਵਿਖੇ ਅਕਾਦਮਿਕ ਕੌਂਸਲ ਦੇ ਚੇਅਰਪਰਸਨ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਵਿਚ ਕਾਲਜ ਦੀ ਅਕਾਦਮਿਕ ਕੌਂਸਲ ਦੀ 17ਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਬੋਰਡ ਆਫ਼ ਸਟੱਡੀਜ਼ ਵਲੋਂ ਪਾਸ ਕੀਤੇ ਗਏ ਸਿਲੇਬਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਤੇ ਮਹੱਤਵਪੂਰਨ ਅਕਾਦਮਿਕ ਪਹਿਲੂਆਂ ’ਤੇ ਵਿਚਾਰ ਵਟਾਂਦਰਾ ਕਰਦਿਆਂ ਕਾਲਜ ਦੀ ਅਕਾਦਮਿਕ ਗੁਣਵੱਤਾ ਹੋਰ ਵਧਾਉਣ ਲਈ ਅਹਿਮ ਫ਼ੈਸਲੇ ਲਏ ਗਏ। ਇਸ ਮੀਟਿੰਗ ਦੌਰਾਨ ਮੌਜੂਦਾ ਸਿੱਖਿਆ ਪ੍ਰਬੰਧ ਨੂੰ ਸਮੇਂ ਦੇ ਹਾਣ ਦਾ ਬਣਾਉਣ, ਵਿਦਿਆਰਥੀਆਂ ਨੂੰ ਵਿਵਹਾਰਿਕ ਸਿੱਖਿਆ ਪ੍ਰਦਾਨ ਕਰਨ, ਵਿਸ਼ਿਆਂ ਦੀ ਚੋਣ ਵਿਚ ਲਚਕੀਲਾਪਣ ਲਿਆਉਣ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿਚ ਸਕਾਰਾਤਮਿਕ ਵਿੱਦਿਅਕ ਬਦਲਾਵਾਂ, ਸਾਈਬਰ ਸੁਰੱਖਿਆ ਅਤੇ ਮਨੁੱਖੀ ਮੁੱਲਾਂ ਨਾਲ ਸਬੰਧਿਤ ਮਹੱਤਵਪੂਰਨ ਵਿਸ਼ਿਆਂ ’ਤੇ ਵੀ ਚਰਚਾ ਕਰਕੇ ਉਸਾਰੂ ਫ਼ੈਸਲੇ ਲਏ ਗਏ। ਇਸ ਮੀਟਿੰਗ ਵਿਚ ਵੱਖ-ਵੱਖ ਅਕਾਦਮਿਕ ਖੇਤਰਾਂ ਦੇ ਵਿਸ਼ਾ ਮਾਹਿਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਦੇ ਨੁਮਾਇੰਦਿਆਂ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫ਼ੈਸਰ ਡਾ. ਵਿਨੇ ਕੁਮਾਰ ਗੁਪਤਾ ਤੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਤੋਂ ਪ੍ਰੋਫ਼ੈਸਰ ਡਾ. ਰਮਨ ਮੈਨੀ ਕਾਲਜ ਦੀ ਗਵਰਨਿੰਗ ਬਾਡੀ ਦੇ ਨੁਮਾਇੰਦੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਲੜਕੀਆਂ ਝਾੜ ਸਾਹਿਬ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਅਤੇ ਜ਼ਿਲ੍ਹਾ ਕਚਹਿਰੀਆਂ ਫ਼ਤਹਿਗੜ੍ਹ ਸਾਹਿਬ ਤੋਂ ਐਡਵੋਕੇਟ ਜਤਿੰਦਰਪਾਲ ਸਿੰਘ ਬਤਰਾ, ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਅਕਾਦਮਿਕ ਕੌਂਸਲ ਦੇ ਹੋਰ ਮੈਂਬਰ ਵੀ ਸ਼ਾਮਲ ਹੋਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਿਜ਼ਿਉਥਰੈਪੀ ਵਿਭਾਗ ਤੋਂ ਪ੍ਰੋਫ਼ੈਸਰ ਡਾ. ਨਰਕੀਸ਼ ਅਰੂਮੁਗਮ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਪ੍ਰੋਫ਼ੈਸਰ ਡਾ. ਤੇਜਿੰਦਰ ਸਿੰਘ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੂਪਨਗਰ ਤੋਂ ਡਾ. ਨਰਿੰਦਰ ਸਿੰਘ ਵੀ ਕਾਲਜ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਹਨ, ਜੋ ਸਮੇਂ-ਸਮੇਂ ’ਤੇ ਕਾਲਜ ਨੂੰ ਆਪਣਾ ਕੀਮਤੀ ਮਾਰਗ ਦਰਸ਼ਨ ਪ੍ਰਦਾਨ ਕਰਦੇ ਰਹਿੰਦੇ ਹਨ। ਮੀਟਿੰਗ ਦੀ ਸ਼ੁਰੂਆਤ ਮੌਕੇ ਕਾਲਜ ਦੀ ਅਕਾਦਮਿਕ ਕੌਂਸਲ ਦੇ ਚੇਅਰਪਰਸਨ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਵਿੱਦਿਅਕ ਅਦਾਰਿਆਂ ਦੇ ਸਕੱਤਰ ਵਿੱਦਿਆ ਇੰਜੀ. ਸੁਖਮਿੰਦਰ ਸਿੰਘ ਦਾ ਕਾਲਜ ਨੂੰ ਸੁਯੋਗ ਅਗਵਾਈ ਅਤੇ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਪਰੰਤ ਪ੍ਰਿੰਸੀਪਲ ਬਿਕਰਮਜੀਤ ਸਿੰਘ ਨੇ ਅਕਾਦਮਿਕ ਕੌਂਸਲ ਦੀ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਉੱਤਰੀ ਭਾਰਤ ਦੀ ਸਿਰਮੌਰ ਸਿੱਖਿਆ ਸੰਸਥਾ ਹੈ, ਜਿਸ ਨੂੰ ਨੈਕ ਵਲੋਂ ਲਗਾਤਾਰ ਤਿੰਨ ਵਾਰ ‘ਏ’ ਗਰੇਡ, ਅਟੌਨੋਮਸ ਸਟੇਟਸ, ਪੰਜਾਬ ਸਟੇਟ ਕਾਊਂਸਲ ਫ਼ਾਰ ਐਗਰੀਕਲਚਰ ਐਜੂਕੇਸ਼ਨ ਅਤੇ ਆਲ ਇੰਡੀਆ ਕਾਊਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ ਵਲੋਂ ਮਾਨਤਾ ਪ੍ਰਾਪਤ ਕਰਨ ਸਮੇਤ, ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅੰਤਰ ਖੇਤਰੀ ਤੇ ਖੇਤਰੀ ਯੁਵਕ ਮੇਲਿਆਂ ਦੀ ਓਵਰਆਲ ਟਰਾਫ਼ੀ ਜਿੱਤਣ ਦਾ ਮਾਣ ਹਾਸਿਲ ਹੈ। ਇਸ ਮੌਕੇ ਅਕਾਦਮਿਕ ਕੌਂਸਲ ਦੇ ਮੈਂਬਰ ਸਕੱਤਰ ਪ੍ਰੋ. ਪ੍ਰਦੀਪ ਕੌਰ ਨੇ ਅਕਾਦਮਿਕ ਕੌਂਸਲ ਦੀ ਮੀਟਿੰਗ ਦੀ ਕਾਰਵਾਈ ਦਾ ਸੰਚਾਲਨ ਬਾਖ਼ੂਬੀ ਕੀਤਾ। ਮੀਟਿੰਗ ਦੌਰਾਨ ਕੁਝ ਨਵੇਂ ਕਿੱਤਾਮੁਖੀ ਕੋਰਸਾਂ ਅਤੇ ਵਿਦਿਆਰਥੀ ਪੱਖੀ ਨੀਤੀਆਂ ਨੂੰ ਪ੍ਰਵਾਨਗੀ ਦਿੱਤੀ ਗਈ। ਕਾਲਜ ਦੇ ਡੀਨ ਅਕਾਦਮਿਕ ਡਾ. ਕਮਲਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ. ਰਸ਼ਮੀ ਅਰੋੜਾ, ਪ੍ਰੋ. ਨਮਿਤਾ ਬੇਰੀ, ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਬੋਰਡ ਆਫ਼ ਸਟੱਡੀਜ਼ ਦੇ ਚੇਅਰਪਰਸਨ ਵੀ ਹਾਜ਼ਰ ਸਨ।