ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਬਲਜਿੰਦਰ ਸਿੰਘ)-ਸੰਤ ਪੌਲ ਹੀਲਿੰਗ ਚਰਚ ਤੇ ਪਾਸਟਰ ਮਨਿਸਟਰੀ ਦੇ ਮੁਖੀ ਸੰਤ ਗੁਰਮੀਤ ਸਿੰਘ ਈਮਾਨੂਏਲ ਨੇ ਮਸੀਹੀ ਭਾਈਚਾਰੇ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ, ਖ਼ਾਸ ਕਰਕੇ ਮਸੀਹੀ ਕਬਰਸਤਾਨ ਲਈ ਜ਼ਮੀਨ ਦੀ ਅਲਾਟਮੈਂਟ ਸੰਬੰਧੀ ਸੰਸਦ ਮੈਂਬਰ ਡਾ. ਅਮਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਸੰਤ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਸੀਹੀ ਭਾਈਚਾਰੇ ਨੂੰ ਕਬਰਸਤਾਨ ਦੀ ਘਾਟ ਕਾਰਨ ਲੰਮੇ ਸਮੇਂ ਤੋਂ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸੰਸਦ ਮੈਂਬਰ ਨੂੰ ਅਪੀਲ ਕੀਤੀ ਕਿ ਮਸੀਹੀ ਭਾਈਚਾਰੇ ਦੀ ਇਸ ਜਾਇਜ਼ ਤੇ ਮਾਨਵਤਾਵਾਦੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਮਸੀਹੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਮੌਕੇ ’ਤੇ ਹੀ ਸੰਬੰਧਿਤ ਅਧਿਕਾਰੀਆਂ ਨਾਲ ਟੈਲੀਫੋਨ ’ਤੇ ਗੱਲ ਕਰਕੇ ਲੋੜੀਂਦੀ ਅਗਲੇਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਮਸੀਹੀ ਭਾਈਚਾਰੇ ਦੀਆਂ ਜਾਇਜ਼ ਮੰਗਾਂ ਦਾ ਜਲਦ ਤੇ ਯੋਗ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਸੰਤ ਗੁਰਮੀਤ ਸਿੰਘ ਈਮਾਨੂੰਏਲ ਨੇ ਡਾ. ਅਮਰ ਸਿੰਘ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਇਸ ਮਹੱਤਵਪੂਰਨ ਮਸਲੇ ਦਾ ਜਲਦੀ ਹੱਲ ਹੋਵੇਗਾ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮਸੀਹੀ ਭਾਈਚਾਰੇ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਤੋਂ ਰਾਹਤ ਮਿਲੇਗੀ।