ਅਮਲੋਹ, 17 ਜੁਲਾਈ (ਕੇਵਲ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਉਣ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਹਲਕਾ ਅਮਲੋਹ ਦੇ ਪਿੰਡ ਦੀਵਾ ਗੰਢੂਆਂ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਸੰਗਤਾਂ ਦੀ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ਵਿਧਾਇਕ ਬੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਬਜ਼ੁਰਗ ਆਰਥਿਕ ਤੰਗੀ ਕਾਰਨ ਤੀਰਥ ਯਾਤਰਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਯਾਤਰੀਆਂ ਦੇ ਆਉਣ-ਜਾਣ, ਰਹਿਣ ਤੇ ਖਾਣ-ਪੀਣ ਦਾ ਸਮੂਹ ਖ਼ਰਚਾ ਪੰਜਾਬ ਸਰਕਾਰ ਵਲੋਂ ਚੁੱਕਿਆ ਜਾ ਰਿਹਾ ਹੈ। ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਲਈ ਬੱਸਾਂ ਨਾਲ ਵਿਸ਼ੇਸ਼ ਸੇਵਾਦਾਰ ਵੀ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣਾ ਸਰਕਾਰ ਦੀ ਲੋਕ-ਭਲਾਈ ਪ੍ਰਤੀ ਵਚਨਬੱਧਤਾ ਦਾ ਹਿੱਸਾ ਹੈ। ਇਸ ਮੌਕੇ ਸ਼ਰਧਾਲੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਵਿਧਾਇਕ ਗੈਰੀ ਬੜਿੰਗ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਲਖਵੀਰ ਸਿੰਘ ਲੱਖਾ ਦੀਵਾ ਵਲੋਂ ਵਿਧਾਇਕ ਗੈਰੀ ਬੜਿੰਗ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਰਪੰਚ ਲਖਵੀਰ ਸਿੰਘ ਲੱਖਾ, ਬਲਵੀਰ ਸਿੰਘ ਕੈਨੇਡਾ, ਹਰਮੇਲ ਸਿੰਘ ਆਸਟ੍ਰੇਲੀਆ, ਚਰਨਜੀਤ ਸਿੰਘ ਤੇ ਪਿੰਡ ਵਾਸੀ ਮੌਜੂਦ ਸਨ।