ਖਮਾਣੋਂ, 17 ਜੁਲਾਈ (ਜੋਗਿੰਦਰ ਪਾਲ)-ਗੁਰਦੁਆਰਾ ਸਿੰਘ ਸਭਾ ਬਿਲਾਸਪੁਰ ਰੋਡ ਖਮਾਣੋਂ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਸਿੰਘ ਭਾਮੀਆਂ ਦੀ ਅਗਵਾਈ ਸਦਕਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ 111ਵੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਾਉਣ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦੇ ਹੋਏ ਪਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਦਰਸ਼ਨ ਸਿੰਘ ਲੁਹਾਰ ਮਾਜਰਾ ਵਲੋਂ ਸੰਗਤ ਤੇ ਸਹਿਯੋਗ ਨਾਲ ਨਿਭਾਈ ਗਈ। ਇਲਾਕੇ ਦੀਆਂ ਸੰਗਤਾਂ ਇਸ ਚੱਲ ਰਹੀ ਲੜੀ ਵਿਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਕਾਰਜਾਂ ਦੀ ਸੰਪੂਰਨਤਾ ਵਿਚ ਯੋਗਦਾਨ ਪਾਉਂਦੀਆਂ ਹਨ। ਗਿਆਨੀ ਗੁਰਮੇਲ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਭਾਈ ਬਹਾਦਰ ਸਿੰਘ ਥਾਬਲਾਂ ਵਾਲਿਆਂ ਵਲੋਂ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਕਥਾ ਸੰਗਤ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਧਰਮ, ਸਮਾਜ, ਦੇਸ਼ ਤੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਦਿਲਬਾਰਾ ਸਿੰਘ ਨੇ ਦਰਸ਼ਨ ਸਿੰਘ ਲੁਹਾਰ ਮਾਜਰਾ ਦਾ ਧੰਨਵਾਦ ਕੀਤਾ ਅਤੇ ਸਾਵਣ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਸਮੁੱਚੀ ਸੰਗਤ ਨੂੰ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।