ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਹੋਈ ਚੇਅਰਮੈਨ ਦੀ ਚੋਣ ਵਿਚ ਸੁਖਦੇਵ ਸਿੰਘ ਰਾਜ ਵੱਡੀ ਗਿਣਤੀ ਵੋਟਾਂ ਨਾਲ ਜਿੱਤੇ ਸਨ। ਨਵੇਂ ਬਣੇ ਚੇਅਰਮੈਨ ਸੁਖਦੇਵ ਸਿੰਘ ਰਾਜ ਨੂੰ ਟਰੱਸਟੀਆਂ ਵਲੋਂ ਆਪਣੀ ਅਗਜੈਕਟਿਵ ਕਮੇਟੀ ਬਣਾਉਣ ਦੇ ਸਰਬਸੰਮਤੀ ਨਾਲ ਅਧਿਕਾਰ ਦੇ ਦਿੱਤੇ ਸਨ ਅਤੇ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਅੱਜ ਆਪਣੀ ਅਗਜੈਕਟਿਵ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਕਮੇਟੀ ਵਿਚ ਚੇਅਰਮੈਨ ਨੇ ਰਾਜ ਕੁਮਾਰ ਪਾਤੜਾਂ ਸੀਨੀਅਰ ਵਾਈਸ ਚੇਅਰਮੈਨ, ਕੁਲਦੀਪ ਸਿੰਘ ਜੰਮੂ ਵਾਈਸ ਚੇਅਰਮੈਨ, ਗੁਰਚਰਨ ਸਿੰਘ ਜਨਰਲ ਸਕੱਤਰ, ਨਵਜੋਤ ਸਿੰਘ ਕੈਸ਼ੀਅਰ ਕਮ ਮੈਨੇਜਰ, ਮਹਿੰਦਰ ਸਿੰਘ ਮੋਰਿੰਡਾ ਆਡੀਟਰ, ਕਾਬਲ ਸਿੰਘ ਸਹਾਇਕ ਆਡੀਟਰ, ਬੀਬੀ ਬਲਜਿੰਦਰ ਕੌਰ ਸਹਾਇਕ ਸਕੱਤਰ, ਬੀਰਦਵਿੰਦਰ ਸਿੰਘ ਸਟੋਰ ਕੀਪਰ, ਸੰਤੋਖ ਸਿੰਘ ਜਲੰਧਰ ਸਹਾਇਕ ਸਟੋਰ ਕੀਪਰ ਅਤੇ ਅਮਰਜੀਤ ਸਿੰਘ ਸਹਿਣਾ ਪ੍ਰਚਾਰ ਸਕੱਤਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੋਰ ਅਹੁਦੇਦਾਰਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਕਿਹਾ ਕਿ ਯਾਦਗਾਰ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਜਾਰੀ ਰਹਿਣਗੇ ਅਤੇ ਸੰਗਤਾਂ ਦੀ ਸਹੂਲਤਾਂ ਲਈ ਲੰਗਰ ਤੇ ਰਿਹਾਇਸ਼ ਦਾ ਵਧੀਆ ਪ੍ਰਬੰਧ ਟਰੱਸਟ ਵਲੋਂ ਕੀਤਾ ਜਾ ਰਿਹਾ ਹੈ। ਚੇਅਰਮੈਨ ਨੇ ਦੱਸਿਆ ਕਿ ਜਲਦੀ ਹੀ ਅਗਜੈਕਟਿਵ ਕਮੇਟੀ ਦੀ ਮੀਟਿੰਗ ਸੱਦੀ ਜਾਵੇਗੀ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਲਾਸਾਨੀ ਇਤਿਹਾਸ ਨੂੰ ਘਰ-ਘਰ ਪਹੁੰਚਾਉਣ ਲਈ ਕਮੇਟੀਆਂ ਵੀ ਬਣਾਈਆਂ ਜਾਣਗੀਆਂ।