08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਮਨਰੇਗਾ ਮੁਲਾਜ਼ਮਾਂ ਨੂੰ ਹਟਾਉਣਾ ਸਰਕਾਰ ਦਾ ਤਾਨਾਸ਼ਾਹੀ ਫ਼ੈਸਲਾ-ਕੁਲਜੀਤ ਸਿੰਘ ਨਾਗਰਾ

Ad Position 21
No active advertisement
ਅਜੀਤ ਡੈਸਕ 21-07-2026
ਫ਼ਤਹਿਗੜ੍ਹ ਸਾਹਿਬ, 20 ਜੁਲਾਈ (ਬਲਜਿੰਦਰ ਸਿੰਘ)-ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਨਾਗਰਾ ਨੇ ਖੰਨਾ ਵਿਖੇ ਮਨਰੇਗਾ ਕਰਮਚਾਰੀਆਂ ਨਾਲ ਹੋਈ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਸ਼ਾਂਤਮਈ ਢੰਗ ਨਾਲ ਆਪਣੀਆਂ ਜਾਇਜ਼ ਮੰਗਾਂ ਰੱਖਣਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਦਬਾਇਆ ਨਹੀਂ ਜਾ ਸਕਦਾ। ਨਾਗਰਾ ਨੇ ਕਿਹਾ ਕਿ ਮਨਰੇਗਾ ਕਰਮਚਾਰੀਆਂ ਨਾਲ ਖੰਨਾ ਵਿਚ ਹੋਈ ਕੁੱਟਮਾਰ ਅਤੇ ਧੱਕੇਸ਼ਾਹੀ ਦੇ ਵਿਰੋਧ ਵਿਚ ਸ਼ਾਂਤਮਈ ਧਰਨਾ ਦੇਣ ਲਈ ਜਾ ਰਹੇ ਕਰਮਚਾਰੀਆਂ ਨੂੰ ਪੁਲਿਸ ਵਲੋਂ ਗੈਰ-ਲੋਕਤੰਤਰੀ ਢੰਗ ਨਾਲ ਹਿਰਾਸਤ ਵਿਚ ਲੈਣਾ ਬਹੁਤ ਹੀ ਨਿੰਦਣਯੋਗ ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਲੋਕਤੰਤਰ ਦੀ ਰੂਹ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਸਵਾਲ ਕੀਤਾ ਕਿ ਹੁਣ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟ ਕਰਨਾ ਵੀ ਜੁਰਮ ਬਣ ਗਿਆ ਹੈ? ਜੇ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਬਜਾਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਡਰਾਉਣ ਦਾ ਰਾਹ ਅਪਣਾਏਗੀ ਤਾਂ ਇਹ ਲੋਕਤੰਤਰ ਲਈ ਬਹੁਤ ਹੀ ਚਿੰਤਾਜਨਕ ਸੰਕੇਤ ਹੈ। ਸ. ਨਾਗਰਾ ਨੇ ਕਿਹਾ ਕਿ ਮਨਰੇਗਾ ਕਰਮਚਾਰੀ ਪਿਛਲੇ ਕਰੀਬ 18 ਸਾਲਾਂ ਤੋਂ ਪਿੰਡਾਂ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਪੇਂਡੂ ਵਿਕਾਸ ਯੋਜਨਾਵਾਂ ਨੂੰ ਸਫਲ ਬਣਾਉਣ ਵਿਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਰਿਹਾ ਹੈ, ਪਰ ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਨਾਲ ਲਗਾਤਾਰ ਬੇਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਜਦਕਿ ਦੂਜੇ ਪਾਸੇ ਲਗਪਗ 2100 ਮਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਨਾ ਸਿਰਫ਼ ਇਨ੍ਹਾਂ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਵੀ ਅਨਿਸ਼ਚਿਤਤਾ ਵੱਲ ਧੱਕਣ ਵਾਲਾ ਹੈ। ਅੰਤ ਵਿਚ ਕੁਲਜੀਤ ਸਿੰਘ ਨਾਗਰਾ ਨੇ ਮੰਗ ਕੀਤੀ ਕਿ ਹਿਰਾਸਤ ਵਿਚ ਲਏ ਗਏ ਸਾਰੇ ਮਨਰੇਗਾ ਕਰਮਚਾਰੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ, ਠੇਕੇਦਾਰ ਸਵਰਨਦੀਪ ਸਿੰਘ, ਗੁਰਸੇਵਕ ਸਿੰਘ ਸੋਨੀ, ਠੇਕੇਦਾਰ ਪਰਮਜੀਤ ਸਿੰਘ, ਗੁਰਕ੍ਰਿਪਾਲ ਸਿੰਘ ਕੱਕੂ,ਧਰਮਿੰਦਰ ਸਿੰਘ ਧਿੰਦੀ ਬਾਲਪੁਰ, ਹਰਦੀਪ ਸਿੰਘ ਹੈਪੀ, ਲਾਡੀ ਟਿਵਾਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ’ਵਰਸਿਟੀ ਵਿਖੇ ‘ਡਿਜੀਟਲ ਪ੍ਰਬੰਧਨ ਵਿਚ ਯਕੀਨੀ ਗੁਣਵੱਤਾ’ ਵਿਸ਼ੇ ’ਤੇ ਹਫ਼ਤਾ ਭਰ ਦੀ ਵਰਕਸ਼ਾਪ ਸੰਪੂਰਨ ਅਗਲੀ ਖ਼ਬਰ ‘ਆਪ’ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਮੂੰਹ ਤੋੜਵਾਂ ਜਵਾਬ ਦੇਵਾਂਗਾ-ਰਾਜੂ ਖੰਨਾ
Ad Position 24