22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮੱਝ ਚੋਰ ਗਰੋਹ ਨੂੰ ਜਲਦ ਨੱਥ ਨਾ ਪਾਈ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਛੇੜਾਂਗੇ- ਰਾਜੂ ਖੰਨਾ ਕਿਸਾਨਾਂ ਦਾ ਦੋਸ਼ ਪੁਲਿਸ ਨਾਕਾਮੀ ਕਾਰਨ ਇਕ ਮਹੀਨੇ ਵਿਚ ਅੱਧੀ ਦਰਜਨ ਦੇ ਕਰੀਬ ਵਾਪਰੀਆਂ ਪਸ਼ੂ ਚੋਰੀ ਦੀਆਂ ਵਾਰਦਾਤਾਂ

Ad Position 21
No active advertisement
ਅਜੀਤ ਡੈਸਕ 29-07-2026
ਅਮਲੋਹ, 28 ਜੁਲਾਈ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)-ਜਿਹੜੀ ਸਰਕਾਰ ਆਪਣੇ ਨਾਗਰਿਕਾਂ ਦੇ ਡੰਗਰ ਮਾਲ ਦੀਆਂ ਚੋਰੀਆਂ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋ ਸਕੀ, ਉਸ ਤੋਂ ਵਿਕਾਸ ਕਾਰਜਾਂ ਦੀ ਹੋਰ ਕੀ ਆਸ ਰੱਖੀ ਜਾ ਸਕਦੀ ਹੈ? ਕਿਉਂਕਿ ਸਿਰਫ਼ ਹਲਕਾ ਅਮਲੋਹ ਵਿਚ ਪਿਛਲੇ ਦੋ-ਢਾਈ ਮਹੀਨਿਆਂ ਦੌਰਾਨ ਹੀ ਦਿਹਾਤੀ ਖੇਤਰ ਦੇ ਕਿਸਾਨਾਂ ਦੀਆਂ 50 ਲੱਖ ਰੁਪਏ ਤੋਂ ਵੱਧ ਦੀਆਂ ਕਈ ਦਰਜਨ ਬਹੁਤ ਹੀ ਉੱਤਮ ਨਸਲ ਦੀਆਂ ਮੱਝਾਂ ਚੋਰੀ ਹੋ ਚੁੱਕੀਆਂ ਹਨ ਤੇ ਚੋਰੀ ਦਾ ਇਹ ਸਿਲਸਿਲਾ ਪੂਰੇ ਬੇਖੌਫ ਤਰੀਕੇ ਨਾਲ ਲਗਾਤਾਰ ਤੇਜ਼ ਹੋ ਰਿਹਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇਥੇ ਇਕ ਨਿੱਜੀ ਰੇਸਤਰਾਂ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਕਾਨਫ਼ਰੰਸ ਵਿਚ ਹਲਕੇ ਦੇ ਦਰਜਨਾਂ ਉਹ ਕਿਸਾਨ ਵੀ ਮੌਜੂਦ ਸਨ, ਜਿਨ੍ਹਾਂ ਦੀਆਂ ਪਿਛਲੇ ਕੁਝ ਮਹੀਨਿਆਂ ਵਿਚ ਹੀ ਮੱਝਾਂ ਚੋਰੀ ਹੋਈਆਂ ਹਨ। ਰਾਜੂ ਖੰਨਾ ਨੇ ਕਿਹਾ ਕਿ ਲਗਾਤਾਰ ਮੱਝਾਂ ਚੋਰੀ ਦੇ ਚੱਲ ਰਹੇ ਇਸ ਵਰਤਾਰੇ ਕਾਰਨ ਪਿੰਡਾਂ ਦੇ ਲੋਕਾਂ ਵਿਚ ਅਸੁਰੱਖਿਅਤ ਦਾ ਡਰਾਉਣਾ ਮਾਹੌਲ ਪੈਦਾ ਹੋ ਪਿਆ ਹੈ, ਜਿਸ ਕਾਰਨ ਰੋਜ਼ਾਨਾਂ ਹੀ ਹਲਕੇ ਦੇ ਦਰਜਨਾਂ ਚਿੰਤਤ ਪਸ਼ੂ ਪਾਲਕ ਉਨ੍ਹਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਫ਼ੋਨ ਕਰ ਰਹੇ ਹਨ। ਰਾਜੂ ਖੰਨਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਬਹੁਤ ਅਸਚਰਜ ਵਾਲੀ ਗੱਲ ਹੈ ਕਿ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਅਤੇ ਰਾਤਰੀ ਗਸ਼ਤ ਲਈ ਪੁਲਿਸ ਮੁਲਾਜ਼ਮਾਂ ਨੂੰ ਨਵੀਆਂ ਗੱਡੀਆਂ, ਜਿਨ੍ਹਾਂ ਵਿਚ ਲੋੜੀਂਦੀ ਹਰ ਸਹੂਲਤ ਹੈ, ਦੇਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਲਗਾਤਾਰ ਚੋਰੀ ਕਰ ਰਹੇ ਚੋਰ ਜਿਹੜੇ ਚੋਰੀ ਦੀਆਂ ਮੱਝਾਂ ਨੂੰ ਗੱਡੀਆਂ ਵਿਚ ਚੜ੍ਹਾ ਕੇ ਮੁੱਖ ਮਾਰਗਾਂ ਰਾਹੀਂ ਪਤਰੇ-ਵਾਚ ਹੋ ਰਹੇ ਹਨ, ਪੁਲਿਸ ਦੇ ਹੱਥ ਕਿਉਂ ਨਹੀਂ ਲੱਗ ਰਹੇ? ਰਾਜੂ ਖੰਨਾ ਨੇ ਦੱਸਿਆ ਉਨ੍ਹਾਂ ਕਿਸਾਨਾਂ ਨੇ ਜਿਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ ਹਨ। ਉਸ ਨੂੰ ਦੱਸਿਆ ਹੈ ਕਿ ਉਨ੍ਹਾਂ ਵਲੋਂ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਉਣ ਲਈ ਸਾਂਝੇ ਤੌਰ ’ਤੇ ਇਕ ਮੰਗ-ਪੱਤਰ ਤਿਆਰ ਕੀਤਾ ਸੀ ਪਰ ਉਹ ਮੰਗ ਪੱਤਰ ਮੁੱਖ ਮੰਤਰੀ ਦੀ ਥਾਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਉਨ੍ਹਾਂ ਤੋਂ ਇਹ ਵਿਸ਼ਵਾਸ ਦਵਾ ਕੇ ਲੈ ਲਿਆ ਕਿ ਉਹ ਜ਼ਿਲ੍ਹਾ ਪੁਲਿਸ ਮੁਖੀ ਨਾਲ ਗੱਲ ਕਰਕੇ ਚੋਰਾਂ ਵਿਰੁੱਧ ਸਖ਼ਤ ਕਾਰਵਾਈ ਕਰਵਾ ਦੇਣਗੇ ਪਰ ਡੇਢ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਵੇਂ ਕਿ ਜਿਨ੍ਹਾਂ ਕਿਸਾਨਾਂ ਦੇ ਪਸ਼ੂ ਚੋਰੀ ਹੋਏ ਹਨ, ਵਲੋਂ ਦਿਨ ਰਾਤ ਮਿਹਨਤ ਕਰਕੇ ਜਿਥੋਂ ਪਸ਼ੂ ਚੋਰੀ ਹੋਏ ਹਨ, ਤੋਂ ਲੈ ਕੇ ਸ਼ੰਭੂ ਬਾਰਡਰ ਤੱਕ ਦੀਆਂ ਚੋਰਾਂ ਦੀਆਂ ਸੀ. ਸੀ. ਟੀ. ਵੀ. ਦੀਆਂ ਫੁੱਟੇਜ ਸਮੇਤ ਸ਼ੱਕੀ ਵਾਹਨਾਂ ਦੀਆਂ ਡਿਟੇਲਾਂ ਵੀ ਤੇ ਕਈ ਹੋਰ ਸਬੂਤ ਪੁਲਿਸ ਨੂੰ ਇਕੱਠੇ ਕਰਕੇ ਦਿੱਤੇ ਹਨ ਪਰ ਪਸ਼ੂ ਪਾਲਕਾਂ ਦੀ ਏਨੀ ਮਿਹਨਤ ਦੇ ਬਾਵਜੂਦ ਵੀ ਕਰਵਾਈ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਏਨੇ ਬੁਲੰਦ ਹੋ ਗਏ ਹਨ ਕਿ ਚੋਰਾਂ ਵਲੋਂ ਵਿਧਾਇਕ ਨੂੰ ਦਿੱਤੇ ਮੰਗ-ਪੱਤਰ ਤੋਂ ਬਾਅਦ ਤਕਰੀਬਨ ਅੱਧੀ ਦਰਜਨ ਪਿੰਡਾਂ ਵਿਚ ਹੋਰ ਚੋਰੀਆਂ ਕਰ ਲਈਆਂ ਹਨ ਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਲਦ ਚੋਰੀਆਂ ਦੇ ਚੱਲ ਰਹੇ ਇਸ ਨੈੱਟਵਰਕ ਦਾ ਪਰਦਾਫਾਸ਼ ਕਰਕੇ ਚੋਰੀ ਹੋਈਆਂ ਮੱਝਾਂ ਬਰਾਮਦ ਨਾ ਕੀਤੀਆਂ ਤਾਂ ਉਹ ਜਲਦ ਹੀ ਹਲਕੇ ਦੇ ਕਿਸਾਨਾਂ ਤੇ ਹੋਰ ਪਸ਼ੂ ਪਾਲਕਾਂ ਨੂੰ ਨਾਲ ਲੈ ਕੇ ਇਕ ਵੱਡਾ ਸੰਘਰਸ਼ ਸ਼ੁਰੂ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਯੂਥ ਵਿੰਗ ਦਾ ਜਲਦ ਹੋਵੇਗਾ ਵਿਸਥਾਰ-ਗੁਰਜੀਤ ਸਿੰਘ ਤਲਵੰਡੀ ਅਗਲੀ ਖ਼ਬਰ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਪੇਪਰ ਲੀਕ, ਭਾਜਪਾ ਵਲੋਂ ਸਿਹਤ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ-ਭੰਗੂ
Ad Position 24