ਫ਼ਤਹਿਗੜ੍ਹ ਸਾਹਿਬ, 29 ਜੁਲਾਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੀ ਫੈਕਲਟੀ ਆਫ਼ ਬੇਸਿਕ ਸਾਇੰਸਿਜ਼ ਵਲੋਂ ਬੀ.ਐੱਸ.ਸੀ. ਲਾਈਫ਼ ਸਾਇੰਸਜ਼ ਅਤੇ ਫਿਜ਼ੀਕਲ ਸਾਇੰਸਜ਼ ਦੇ ਵਿਦਿਆਰਥੀਆਂ ਲਈ ਇਕ ਸਿੱਖਿਆ ਭਰਪੂਰ ਅਤੇ ਦਿਲਚਸਪ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਦੀਪ ਕੌਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਤਣਾਅ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ, ਮਾਨਸਿਕ ਤੰਦਰੁਸਤੀ ਨੂੰ ਬਰਕਰਾਰ ਰੱਖਣ ਅਤੇ ਆਪਣੀ ਨਿੱਜੀ ਤੇ ਅਕਾਦਮਿਕ ਸਮਰੱਥਾ ਨੂੰ ਨਿਖਾਰਨ ਲਈ ਵਿਹਾਰਕ ਤੇ ਉਪਯੋਗੀ ਮਨੋਵਿਗਿਆਨਕ ਰਣਨੀਤੀਆਂ ਨਾਲ ਜਾਣੂ ਕਰਵਾਉਣਾ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੀਆਂ ਉਸਾਰੂ ਅਤੇ ਗਿਆਨ ਭਰਪੂਰ ਗਤੀਵਿਧੀਆਂ ਵਿਦਿਆਰਥੀਆਂ ਦੇ ਮਾਨਸਿਕ, ਬੌਧਿਕ ਅਤੇ ਵਿਅਕਤੀਗਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜੋਕੇ ਮੁਕਾਬਲੇ ਭਰੇ ਯੁੱਗ ਵਿਚ ਸਿਰਫ਼ ਤਕਨੀਕੀ ਗਿਆਨ ਹੀ ਕਾਫ਼ੀ ਨਹੀਂ, ਸਗੋਂ ਭਾਵਨਾਤਮਕ ਮਜ਼ਬੂਤੀ, ਮਾਨਸਿਕ ਤੰਦਰੁਸਤੀ ਅਤੇ ਪ੍ਰਭਾਵਸ਼ਾਲੀ ਸਮਾਂ ਪ੍ਰਬੰਧਨ ਵੀ ਇਕ ਸਫਲ, ਸੰਤੁਲਿਤ ਅਤੇ ਜ਼ਿੰਮੇਵਾਰ ਵਿਅਕਤੀ ਦੇ ਨਿਰਮਾਣ ਲਈ ਬਰਾਬਰ ਮਹੱਤਵ ਰੱਖਦੇ ਹਨ। ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਦੀਪ ਕੌਰ ਨੇ ਜਾਣਕਾਰੀ ਭਰਪੂਰ ਵੀ.ਡੀ.ਓ ਤੇ ਵਿਹਾਰਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸਮੇਂ ਦਾ ਸੁਚੱਜਾ ਪ੍ਰਬੰਧ ਕਰਨ ਅਤੇ ਆਪਣੇ ਅਕਾਦਮਿਕ ਤੇ ਨਿੱਜੀ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹਿਣ ਦੀ ਪੇ੍ਰਰਨਾ ਦਿੱਤੀ। ਇਸ ਤੋਂ ਪਹਿਲਾਂ ਡਾ. ਨਵਜੀਤ ਕੌਰ ਨੇ ਮੁੱਖ ਬੁਲਾਰੇ ਦਾ ਰਸਮੀ ਤੌਰ ’ਤੇ ਸਵਾਗਤ ਕਰਦਿਆਂ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਪਰਦੀਪ ਕੌਰ ਨੇ ਕਿਹਾ ਕਿ ਸਮੇਂ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਵਿਦਿਆਰਥੀਆਂ ਦੀ ਇਕਾਗਰਤਾ ਵਿਚ ਵਾਧਾ ਕਰਦਾ ਹੈ, ਮਾਨਸਿਕ ਥਕਾਵਟ ਨੂੰ ਘਟਾਉਂਦਾ ਹੈ ਅਤੇ ਲੰਬੇ ਸਮੇਂ ਦੀ ਅਕਾਦਮਿਕ ਗੁਣਵੱਤਾ ਦਾ ਆਧਾਰ ਬਣਦਾ ਹੈ। ਪ੍ਰੋਗਰਾਮ ਦੇ ਕੋ-ਕੋਆਰਡੀਨੇਟਰ ਡਾ. ਕਮਲਪ੍ਰੀਤ ਕੌਰ ਨੇ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਵਿਚ ਮਨੋਵਿਗਿਆਨਕ ਸੰਤੁਲਨ ਤੇ ਮਾਨਸਿਕ ਤੰਦਰੁਸਤੀ ਦੀ ਵੱਧ ਰਹੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਅਕਾਦਮਿਕ ਜ਼ਿੰਮੇਵਾਰੀਆਂ ਅਤੇ ਨਿੱਜੀ ਜੀਵਨ ਵਿਚ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।