ਟਕਸਾਲੀ ਕਾਂਗਰਸੀ ਵਰਕਰਾਂ ਨੂੰ ਪਾਰਟੀ ’ਚ ਬਣਦਾ ਮਾਣ ਸਨਮਾਨ ਦੇ ਕੇ ਉਨ੍ਹਾਂ ਦੀ ਵਫਾਦਾਰੀ ਦਾ ਮੁੱਲ ਮੋੜਿਆ ਜਾਵੇ-ਸ਼ਮਸ਼ੇਰ ਸਿੰਘ ਦੂਲੋਂ ਪਾਰਟੀ ਪ੍ਰਤੀ ਵਫ਼ਾਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਟਕਸਾਲੀ ਕਾਂਗਰਸੀਆਂ ਨੂੰ ਅੱਗੇ ਲਿਆਉਣਾ ਪਵੇਗਾ-ਦੂਲੋਂ
ਅਜੀਤ ਡੈਸਕ
30-07-2026
ਮੀਟਿੰਗ ਦੌਰਾਨ ਸ. ਦੂਲੋਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਹੈ ਕਿ ਪੰਜਾਬ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ ਲਿਆਉਣੀ ਹੈ, ਪਰ ਸਾਡੇ ਆਪਣੇ ਆਗੂ ਧੜੇਬਾਜ਼ੀ ਵਿਚ ਫਸੇ ਹੋਏ ਹਨ। ਜਦੋਂ ਤੱਕ ਅਸੀਂ ਟਕਸਾਲੀ, ਪੁਰਾਣੇ ਵਰਕਰਾਂ ਨੂੰ, ਜੋ ਖੂਨ-ਪਸੀਨਾ ਦੇ ਕੇ ਪਾਰਟੀ ਨੂੰ ਸਿੰਝਦੇ ਰਹੇ ਹਨ, ਨੂੰ ਅਣਗੌਲਿਆ ਕਰਦੇ ਰਹਾਂਗੇ, ਪਾਰਟੀ ਖੜ੍ਹੀ ਨਹੀਂ ਹੋ ਸਕਦੀ। ਅੱਤਵਾਦ ਦੇ ਸਮੇਂ ਵਿਚ ਪਾਰਟੀ ਪ੍ਰਤੀ ਵਫ਼ਾਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਟਕਸਾਲੀ ਕਾਂਗਰਸੀਆਂ ਨੂੰ ਅੱਗੇ ਲਿਆਉਣਾ ਪਵੇਗਾ ਅਤੇ ਧੜੇਬੰਦੀ ਛੱਡ ਕੇ ਇੱਕਮੁੱਠ ਹੋਣਾ ਪਵੇਗਾ, ਤਾਂ ਹੀ ਪੰਜਾਬ ਵਿਚ ਕਾਂਗਰਸ ਪਾਰਟੀ ਬੂਥ ਪੱਧਰ ’ਤੇ ਮਜ਼ਬੂਤ ਹੋ ਕੇ ਆਪਣੀ ਸਰਕਾਰ ਬਣਾਉਣ ਦੇ ਸਮਰੱਥ ਹੋ ਸਕਦੀ ਹੈ। ਇਸ ਮੌਕੇ ਟਕਸਾਲੀ ਵਰਕਰਾਂ ਨੇ ਇੱਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਪ੍ਰਣ ਵੀ ਲਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ ਸਰਹਿੰਦ ਨੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਅੱਜ ਪੁਰਾਣੇ ਟਕਸਾਲੀ ਵਰਕਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦੀ ਲੋੜ ਹੈ ਅਤੇ ਅਸੀਂ ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਹਰ ਟਕਸਾਲੀ ਕਾਂਗਰਸੀ ਵਰਕਰ ਤੇ ਆਗੂ ਨਾਲ ਸੰਪਰਕ ਕਰਕੇ ਪਾਰਟੀ ਦੀ ਮੁੱਖ ਧਾਰਾ ਵਿਚ ਲਿਆਉਣ ਦਾ ਯਤਨ ਕਰਾਂਗੇ। ਇਸ ਮੌਕੇ ’ਤੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਰਣਜੀਤ ਸਿੰਘ ਤਰਖਾਣ ਮਾਜਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ, ਅਵਤਾਰ ਸਿੰਘ ਠੇਕੇਦਾਰ ਚਨਾਰਥਲ ਕਲਾਂ, ਐਡਵੋਕੇਟ ਭੂਸ਼ਨ ਵਰਮਾ ਵੀ ਹਾਜ਼ਰ ਸਨ।