ਪਟਿਆਲਾ, 29 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਜਨਰਲ ਬੀ.ਸੀ. ਅਧਿਆਪਕ ਮੰਚ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਮਨੋਜ ਘਈ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਅਧਿਆਪਕਾਂ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਸਭ ਤੋਂ ਮੁੱਖ ਮੁੱਦਾ ਉਨ੍ਹਾਂ ਅਧਿਆਪਕਾਂ ਦਾ ਰਿਹਾ ਜਿੰਨ੍ਹਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ, ਪਰੰਤੂ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਉਹ ਅਜੇ ਤੱਕ ਆਪਣੇ ਨਵੇਂ ਸਟੇਸ਼ਨਾਂ ‘ਤੇ ਜੁਆਇਨ ਨਹੀਂ ਕਰ ਸਕੇ। ਇਸ ਕਾਰਨ ਅਧਿਆਪਕਾਂ ਨੂੰ ਮਾਨਸਿਕ, ਆਰਥਿਕ ਅਤੇ ਪ੍ਰਸ਼ਾਸਨਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਚ ਦੇ ਜਨਰਲ ਸਕੱਤਰ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਬਦਲੀ ਹੁਕਮਾਂ ਨੂੰ ਤੁਰੰਤ ਲਾਗੂ ਕਰਦਿਆਂ ਸਾਰੇ ਸਬੰਧਤ ਅਧਿਆਪਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੇ ਨਵੇਂ ਸਟੇਸ਼ਨਾਂ ‘ਤੇ ਜੁਆਇਨ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਪਰ ਜਨਗਣਨਾ ਦੀ ਡਿਊਟੀ ਕਾਰਨ ਉਨ੍ਹਾਂ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਤੁਰੰਤ ਰਿਲੀਵ ਕੀਤਾ ਜਾਵੇ। ਜੇਕਰ ਭਵਿੱਖ ਵਿਚ ਉਨ੍ਹਾਂ ਦੀ ਜਨਗਣਨਾ ਵਿਚ ਦੁਬਾਰਾ ਡਿਊਟੀ ਲਗਾਈ ਜਾਂਦੀ ਹੈ ਤਾਂ ਉਨ੍ਹਾਂ ਤੋਂ ਲਿਖਤੀ ਬਿਆਨ ਜਾਂ ਹਲਫ਼ਨਾਮਾ ਲੈ ਲਿਆ ਜਾਵੇ ਕਿ ਉਹ ਜਨਗਣਨਾ ਦੀ ਡਿਊਟੀ ਨਿਭਾਉਣ ਲਈ ਪਾਬੰਦ ਰਹਿਣਗੇ। ਸੂਬਾ ਪ੍ਰਧਾਨ ਮਨੋਜ ਘਈ ਨੇ ਕਿਹਾ ਕਿ ਜਿਹੜੇ ਅਧਿਆਪਕ ਪੂਰੀ ਤਨਦੇਹੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣੀਆਂ ਸਰਕਾਰੀ ਡਿਊਟੀਆਂ ਨਿਭਾ ਰਹੇ ਹਨ, ਉਨ੍ਹਾਂ ਨੂੰ ਆਪਣੇ ਮੌਜੂਦਾ ਸਟੇਸ਼ਨਾਂ ਤੋਂ ਰਿਲੀਵ ਨਾ ਕਰਨਾ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਅਜਿਹੇ ਅਧਿਆਪਕਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਰਿਲੀਵ ਕਰਕੇ ਉਨ੍ਹਾਂ ਦੇ ਨਵੇਂ ਸਟੇਸ਼ਨਾਂ ‘ਤੇ ਜੁਆਇਨ ਕਰਵਾਉਣਾ ਚਾਹੀਣਾ ਹੈ। ਜੇਕਰ ਸਿੱਖਿਆ ਵਿਭਾਗ ਵਲੋਂ ਇਸ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਜਨਰਲ ਬੀ.ਸੀ. ਅਧਿਆਪਕ ਮੰਚ ਪੰਜਾਬ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਲਈ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ। ਮੀਟਿੰਗ ਵਿਚ ਹਾਜ਼ਰ ਸਮੂਹ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਮੰਗ ਕੀਤੀ ਕਿ ਅਧਿਆਪਕਾਂ ਨਾਲ ਹੋ ਰਹੀ ਬੇਲੋੜੀ ਖੱਜਲ-ਖੁਆਰੀ ਨੂੰ ਤੁਰੰਤ ਖ਼ਤਮ ਕੀਤਾ ਜਾਵੇ ਅਤੇ ਬਦਲੀ ਹੋ ਚੁੱਕੇ ਸਾਰੇ ਅਧਿਆਪਕਾਂ ਨੂੰ ਬਿਨਾਂ ਦੇਰੀ ਆਪਣੇ ਨਵੇਂ ਸਟੇਸ਼ਨਾਂ ‘ਤੇ ਜੁਆਇਨ ਕਰਵਾਇਆ ਜਾਵੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਅਵਤਾਰ ਸਿੰਘ ਮਾਨ, ਅਨਿਲ ਸ਼ਰਮਾ, ਬਿਕਰਮਦੀਪ ਸਿੰਘ, ਸੰਦੀਪ ਛੌਨਾ, ਰਾਕੇਸ਼ ਕੁਮਾਰ, ਸੁਖਦੇਵ ਸਿੰਘ ਭੰਡਾਰੀ, ਅਮਨਵੀਰ ਸਿੰਘ, ਹਰਪ੍ਰੀਤ ਸਿੰਘ, ਰਵੀ ਕੁਮਾਰ, ਅਮਨ ਸ਼ਰਮਾ, ਸੰਜੀਵ ਕੁਮਾਰ, ਬਿਕਰਮ, ਹਰੀਸ਼ ਕੁਮਾਰ, ਭੁਪਿੰਦਰ ਸਿੰਘ, ਮੇਜਰ ਹਰਗੁਣਵਾਨ ਸਿੰਘ, ਸਤਨਾਮ ਪਾਲੀਆ, ਪੁਸ਼ਪ, ਰਾਜੇਸ਼ ਕੁਮਾਰ ਮਿੰਡਾ, ਸੰਜੀਵ ਸ਼ਰਮਾ, ਦਨੇਸ਼ ਗੌੜ, ਹਰਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਅਤੇ ਯੋਗੇਸ਼ ਕੁਮਾਰ ਆਦਿ ਨੇ ਭਾਗ ਲਿਆ।