ਫ਼ਤਹਿਗੜ੍ਹ ਸਾਹਿਬ, 31 ਜੁਲਾਈ (ਮਨਪ੍ਰੀਤ ਸਿੰਘ)-ਸ਼ਹੀਦ ਊਧਮ ਸਿੰਘ ਜੀ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਜ਼ਾ ਸ਼ਰੀਫ਼ ਨੇੜੇ ਸਥਿਤ ਸ਼ਹੀਦੀ ਸਮਾਰਕ ਵਿਖੇ ਰੱਖੇ ਸਮਾਗਮ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਐਸ. ਡੀ. ਐਮ. ਫ਼ਤਹਿਗੜ੍ਹ ਸਾਹਿਬ ਕਰੁਣ ਗੁਪਤਾ, ਤਹਿਸੀਲਦਾਰ ਵਿਸ਼ਾਲ ਵਰਮਾ, ਨਗਰ ਕੌਸ਼ਲ ਪ੍ਰਧਾਨ ਆਸ਼ਾ ਰਾਣੀ ਸਮੇਤ ਹੋਰਨਾਂ ਵੱਖ-ਵੱਖ ਸ਼ਖ਼ਸੀਅਤਾਂ ਨੇ ਮਹਾਨ ਸ਼ਹੀਦ ਨੂੰ ਸ਼ਰਧਾ ਤੇ ਫੁੱਲ ਭੇਟ ਕੀਤੇ। ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਮੌਕੇ ਪਹੁੰਚੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਤੇ ਸੂਬੇ ਦੀ ਅਣਖ ਨੂੰ ਜਗਾਉਣ ਵਿਚ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਬੇਮਿਸਾਲ ਹੈ, ਜਿਸ ਨੂੰ ਨਤਮਸਤਕ ਹੋਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਵਿਧਾਇਕ ਰਾਏ ਨੇ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੇ ਕੇ ਜੋ ਆਜ਼ਾਦੀ ਦੇਸ਼ ਨੂੰ ਦਿਵਾਈ ਹੈ ਉਸ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਬੀਰ ਕੌਰ ਭੁੱਲਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਨਾਮ ਇਤਿਹਾਸ ਵਿਚ ਉਸ ਬਹਾਦਰ ਯੋਧੇ ਦੇ ਰੂਪ ਵਿਚ ਦਰਜ ਹੈ, ਜਿਨ੍ਹਾਂ ਨੇ ਸੱਤ ਸਮੁੰਦਰ ਪਾਰ ਜਾ ਕੇ ਦੇਸ਼ ਦੇ ਸਵੈਮਾਣ ਦੀ ਰਾਖੀ ਕੀਤੀ। ਉਨ੍ਹਾਂ ਦੀ ਮਹਾਨ ਸ਼ਹਾਦਤ ਅੱਜ ਵੀ ਸਾਡੇ ਲਈ ਦੇਸ਼ ਸੇਵਾ ਦੀ ਸਭ ਤੋਂ ਵੱਡੀ ਪੇ੍ਰਨਾ ਹੈ। ਅੱਜ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਅਸੀਂ ਭਾਰਤ ਦੇ ਮਹਾਨ ਸਪੂਤ ਨੂੰ ਪ੍ਰਣਾਮ ਕਰਦੇ ਹਾਂ ਅਤੇ ਉਨ੍ਹਾਂ ਦੇ ਦਰਸਾਏ ਰਸਤੇ ’ਤੇ ਚੱਲਣ ਦਾ ਪ੍ਰਣ ਲੈਂਦੇ ਹਾਂ। ਇਸ ਮੌਕੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਿਆ ਗਿਆ ਤੇ ਪੁਲਿਸ ਵਲੋਂ ਬਿਗਲ ਵੀ ਵਜਾਇਆ। ਇਸ ਮੌਕੇ ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਸਿੰਘ ਜੱਸੀ, ਕੌਂਸਲਰ ਰਾਜੇਸ਼ ਕੁਮਾਰ ਉੱਪਲ, ਕੌਂਸਲਰ ਪਾਵੇਲ ਹਾਂਡਾ, ਰੁਪਿੰਦਰ ਸਿੰਘ ਜੱਲ੍ਹਾ, ਬਲਜਿੰਦਰ ਸਿੰਘ, ਆਦਿ ਸਮੇਤ ਵੱਡੀ ਗਿਣਤੀ ’ਚ ‘ਆਪ’ ਦੇ ਵਲੰਟੀਅਰ ਵੀ ਹਾਜ਼ਰ ਸਨ ।