ਪਰਵਾਸੀਆਂ ਦੇ ਬੱਚਿਆਂ ਵਲੋਂ ਰਾਹਗੀਰਾਂ ਦੇ ਮਾਰੇ ਜਾਂਦੇ ਨੇ ਵੱਟੇ
ਸੰਘੋਲ, 10 ਸਤੰਬਰ (ਪਰਮਵੀਰ ਸਿੰਘ ਧਨੋਆ)- ਪਿੰਡ ਸੰਘੋਲ ’ਚ ਬਿਨਾਂ ਕਾਨੂੰਨੀ ਸ਼ਨਾਖ਼ਤ ਅਤੇ ਬਿਨ੍ਹਾ ਪਤੇ ਤੋਂ ਰਹਿੰਦੇ ਪਰਵਾਸੀ ਸਥਾਨਕ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਸਾਬਤ ਹੋ ਰਹੇ ਹਨ। ਇਨ੍ਹਾਂ ਨੂੰ ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਲੋਕਾਂ ਵਲੋਂ ਮਕਾਨ ਕਿਰਾਏ ’ਤੇ ਦੇ ਦਿੱਤੇ ਜਾਂਦੇ ਹਨ, ਜਿਸ ਕਾਰਨ ਜੁਰਮ ਜਾਂ ਕਿਸੇ ਹੋਰ ਅਣਹੋਣੀ ਘਟਨਾ ਵਾਪਰਨ ’ਤੇ ਇਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਸੰਘੋਲ, 10 ਸਤੰਬਰ (ਪਰਮਵੀਰ ਸਿੰਘ ਧਨੋਆ)- ਪਿੰਡ ਸੰਘੋਲ ’ਚ ਬਿਨਾਂ ਕਾਨੂੰਨੀ ਸ਼ਨਾਖ਼ਤ ਅਤੇ ਬਿਨ੍ਹਾ ਪਤੇ ਤੋਂ ਰਹਿੰਦੇ ਪਰਵਾਸੀ ਸਥਾਨਕ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਸਾਬਤ ਹੋ ਰਹੇ ਹਨ। ਇਨ੍ਹਾਂ ਨੂੰ ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਲੋਕਾਂ ਵਲੋਂ ਮਕਾਨ ਕਿਰਾਏ ’ਤੇ ਦੇ ਦਿੱਤੇ ਜਾਂਦੇ ਹਨ, ਜਿਸ ਕਾਰਨ ਜੁਰਮ ਜਾਂ ਕਿਸੇ ਹੋਰ ਅਣਹੋਣੀ ਘਟਨਾ ਵਾਪਰਨ ’ਤੇ ਇਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪਰਵਾਸੀਆਂ ਦੇ ਸ਼ਰਾਰਤੀ ਬੱਚੇ ਉਨ੍ਹਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਤਾਜ਼ਾ ਸਾਹਮਣੇ ਆਏ ਮਾਮਲੇ ’ਚ ਸੰਘੋਲ-ਬਸੀ ਪਠਾਣਾਂ ਸੜਕ ’ਤੇ ਬਣੇ ਰੇਲਵੇ ਓਵਰਬ੍ਰਿਜ ’ਤੋਂ ਪਰਵਾਸੀਆਂ ਦੇ ਬੱਚਿਆਂ ਵਲੋਂ ਰਾਹਗੀਰਾਂ ਦੇ ਲੁੱਕ ਕੇ ਵੱਟੇ ਮਾਰੇ ਜਾ ਰਹੇ ਸਨ। ਰਸਤੇ ਤੋਂ ਲੰਘਦੇ ਬੱਸ ਚਾਲਕ ਨੇ ਦੱਸਿਆ ਕਿ ਉਹ ਕਈ ਦਿਨ ਤੋਂ ਵੱਜਦੇ ਪੱਥਰਾਂ ਕਾਰਨ ਪ੍ਰੇਸ਼ਾਨ ਸਨ, ਇਕ ਦਿਨ ਬੱਸ ਦਾ ਸ਼ੀਸ਼ਾ ਵੀ ਟੁੱਟ ਗਿਆ। ਜਦੋਂ ਉਨ੍ਹਾਂ ਗ਼ੌਰ ਕਰ ਕੇ ਪੁਲ ਥੱਲੇ ਬੱਸ ਰੋਕ ਮੌਕੇ ਦੀ ਪੜਤਾਲ ਕੀਤੀ ਤਾਂ ਪੱਥਰ ਮਾਰਨ ਵਾਲੇ ਪਰਵਾਸੀਆਂ ਦੇ ਬੱਚੇ ਉੱਥੇ ਬੱਕਰੀਆਂ ਚਾਰਦੇ ਮਿਲੇ। ਜਿਹੜੇ ਰੇਲਵੇ ਲਾਇਨ ’ਤੇ ਪਏ ਪੱਥਰ ਚੁੱਕ ਰਾਹ ਲੰਘਦੇ ਵਾਹਨਾਂ ਦੇ ਮਾਰਦੇ ਸਨ। ਦੱਸਿਆ ਜਾਂਦਾ ਹੈ ਕਿ ਕਈ ਹੋਰ ਕਾਰ ਚਾਲਕ ਅਤੇ ਦੋਪਹੀਆ ਵਾਹਨ ਚਾਲਕ ਵੀ ਨੁਕਸਾਨ ਦਾ ਸਾਹਮਣਾ ਕਰ ਚੁੱਕੇ ਹਨ। ਰਾਹਗੀਰਾਂ ਵਲੋਂ ਭੱਜਦੇ ਬੱਚਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਝਾੜ ਝੰਬ ਕੀਤੀ ਗਈ ਤਾਂ ਉਨ੍ਹਾਂ ਅੱਗੋਂ ਗ਼ਲਤੀ ਨਾ ਕਰਨ ਦਾ ਵਾਅਦਾ ਕਰ ਆਪਣਾ ਖਹਿੜਾ ਛਡਾਇਆ। ਮਾਮਲਾ ਖੇਤਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪਿੰਡਾਂ ’ਚ ਗ਼ੈਰਕਾਨੂੰਨੀ ਤੌਰ ’ਤੇ ਕਿਰਾਏ ਦੇ ਮਕਾਨਾਂ ’ਚ ਰਹਿੰਦੇ ਪਰਵਾਸੀਆਂ ਦੀ ਕਾਨੂੰਨੀ ਤੌਰ ’ਤੇ ਪੜਤਾਲ ਕੀਤੇ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ।