ਮੰਡੀਆਂ ’ਚ ਸਾਰੇ ਪ੍ਰਬੰਧ ਮੁਕੰਮਲ, ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ- ਚੇਅਰਮੈਨ ਰਾਏ
ਅਮਲੋਹ, 28 ਸਤੰਬਰ (ਕੇਵਲ ਸਿੰਘ)- ਮਾਰਕਿਟ ਕਮੇਟੀ ਅਮਲੋਹ ਦੇ ਚੇਅਰਮੈਨ ਇਕਬਾਲ ਸਿੰਘ ਰਾਏ ਵਲੋਂ ਅਨਾਜ ਮੰਡੀ ਸਮੇਤ ਇਲਾਕੇ ਦੇ ਸਾਰੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਅਮਲੋਹ, 28 ਸਤੰਬਰ (ਕੇਵਲ ਸਿੰਘ)- ਮਾਰਕਿਟ ਕਮੇਟੀ ਅਮਲੋਹ ਦੇ ਚੇਅਰਮੈਨ ਇਕਬਾਲ ਸਿੰਘ ਰਾਏ ਵਲੋਂ ਅਨਾਜ ਮੰਡੀ ਸਮੇਤ ਇਲਾਕੇ ਦੇ ਸਾਰੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਇਕਬਾਲ ਸਿੰਘ ਰਾਏ ਨੇ ਕਿਹਾ ਕਿ ਕਿਸਾਨ ਮੰਡੀ ਵਿਚ ਆਉਣ ਵਾਲੇ ਮਹਿਮਾਨ ਹਨ ਅਤੇ ਉਨ੍ਹਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨਾ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਝੋਨਾ ਸੁੱਕਾ ਕਰਕੇ ਹੀ ਲਿਆਂਦਾ ਜਾਵੇ, ਤਾਂ ਜੋ ਖ਼ਰੀਦ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਫ਼ਸਲ ਦੀ ਨਾਲੋਂ ਨਾਲ ਖ਼ਰੀਦ ਹੋ ਸਕੇ। ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਲਈ ਬਿਜਲੀ, ਪਾਣੀ ਅਤੇ ਸਾਫ਼-ਸਫ਼ਾਈ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ 1 ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਚੇਅਰਮੈਨ ਨੇ ਵਿਰੋਧੀ ਰਾਜਨੀਤਕ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਮੰਡੀ ਵਪਾਰ ਦੇ ਨਾਲ ਕਿਸਾਨ, ਆੜ੍ਹਤੀਏ, ਲੇਬਰ, ਸ਼ੈਲਰ ਅਤੇ ਸਰਕਾਰ ਦੀ ਸਾਂਝ ਦਾ ਸੁਮੇਲ ਹੈ, ਇਸ ਲਈ ਝੂਠੀਆਂ ਗੱਲਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਬਜਾਏ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਮਾਂਗਟ, ਆੜ੍ਹਤੀ ਮੇਜਰ ਸਿੰਘ, ਨਿਰਭੈ ਸਿੰਘ, ਹਰਜਿੰਦਰ ਸਿੰਘ ਤੇ ਰਾਜਾ ਵਿਰਕ ਸਮੇਤ ਕਿਸਾਨ ਹਾਜ਼ਰ ਸਨ।