ਦੇਸ਼ ਭਗਤ ਯੂਨੀਵਰਸਿਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ 100 ਪੁਸਤਕਾਂ ਕੀਤੀਆਂ ਲੋਕ-ਅਰਪਣ
ਅਮਲੋਹ, 28 ਅਕਤੂਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਨੇ ਆਪਣਾ 14ਵਾਂ ਸਥਾਪਨਾ ਦਿਵਸ ਵਿਸ਼ਾਲ ਪੁਸਤਕ ਲੋਕ-ਅਰਪਣ ਸਮਾਰੋਹ ਨਾਲ ਮਨਾਇਆ। ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 100 ਪੁਸਤਕਾਂ ਦਾ ਲੋਕ-ਅਰਪਣ ਯੂਨੀਵਰਸਿਟੀ ਵਲੋਂ ਖੋਜ-ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਵਿਦਵਤਾਪੂਰਨ ਪ੍ਰਕਾਸ਼ਨਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਰਿਹਾ।
ਅਮਲੋਹ, 28 ਅਕਤੂਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਨੇ ਆਪਣਾ 14ਵਾਂ ਸਥਾਪਨਾ ਦਿਵਸ ਵਿਸ਼ਾਲ ਪੁਸਤਕ ਲੋਕ-ਅਰਪਣ ਸਮਾਰੋਹ ਨਾਲ ਮਨਾਇਆ। ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 100 ਪੁਸਤਕਾਂ ਦਾ ਲੋਕ-ਅਰਪਣ ਯੂਨੀਵਰਸਿਟੀ ਵਲੋਂ ਖੋਜ-ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਵਿਦਵਤਾਪੂਰਨ ਪ੍ਰਕਾਸ਼ਨਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਰਿਹਾ। ਸਮਾਰੋਹ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਨੇ ਖੋਜ ਲਈ ਸੁਚੱਜਾ ਤੇ ਸਰਗਰਮ ਮਾਹੌਲ ਸਿਰਜਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਾਰਥਿਕ ਅਕਾਦਮਿਕ ਯੋਗਦਾਨ ਰਾਹੀਂ ਗਿਆਨ ਦੇ ਪਸਾਰ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਕਿਹਾ ਕਿ ਖੋਜ-ਆਧਾਰਿਤ ਪ੍ਰਕਾਸ਼ਨ ਨਿਰੰਤਰ ਅਕਾਦਮਿਕ ਯਤਨਾਂ ਦਾ ਨਤੀਜਾ ਹੁੰਦੇ ਹਨ। ਇਹ ਪ੍ਰਕਾਸ਼ਨ ਨਾ ਸਿਰਫ਼ ਵਿਅਕਤੀਗਤ ਖੋਜ ਦੀ ਉੱਤਮਤਾ ਨੂੰ ਦਰਸਾਉਂਦੇ ਹਨ, ਸਗੋਂ ਕਿਸੇ ਵੀ ਸੰਸਥਾ ਦੀ ਸਮੂਹਿਕ ਬੌਧਿਕ ਸਮਰੱਥਾ ਦਾ ਵੀ ਪ੍ਰਤੀਬਿੰਬ ਹੁੰਦੇ ਹਨ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਨੇ ਯੂਨੀਵਰਸਿਟੀ ਦੇ ਵਿਸਥਾਰ, ਅਕਾਦਮਿਕ ਪ੍ਰਾਪਤੀਆਂ ਅਤੇ ਸੰਸਥਾਗਤ ਵਿਕਾਸ ਬਾਰੇ ਵਿਸਤਰਿਤ ਰਿਪੋਰਟ ਪੇਸ਼ ਕੀਤੀ। ਉਨ੍ਹਾਂ 100 ਪੁਸਤਕਾਂ ਦੇ ਪ੍ਰਕਾਸ਼ਨ ਨੂੰ ਡੀ.ਬੀ.ਯੂ ਦੀ ਅਕਾਦਮਿਕ ਯਾਤਰਾ ਦਾ ਇਕ ਮਹੱਤਵਪੂਰਨ ਪੜਾਅ ਦੱਸਦਿਆਂ ਕਿਹਾ ਕਿ ਇਹ ਪ੍ਰਾਪਤੀ ਅਧਿਆਪਕ ਵਰਗ ਦੀਆਂ ਖੋਜ-ਸਮਰੱਥਾਵਾਂ ਅਤੇ ਵਿਦਵਤਾਪੂਰਨ ਯੋਗਦਾਨ ਨੂੰ ਉਜਾਗਰ ਕਰਦੀ ਹੈ ਅਤੇ ਭਾਰਤ ਦੇ ਉੱਚ ਸਿੱਖਿਆ ਖੇਤਰ ਵਿਚ ਯੂਨੀਵਰਸਿਟੀ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਦੀ ਹੈ। ਯੂਨੀਵਰਸਿਟੀ ਦੀ ਸਾਬਕਾ ਉਪ-ਕੁਲਪਤੀ ਅਤੇ ਸਮਾਰੋਹ ਦੀ ਵਿਸ਼ੇਸ਼ ਮਹਿਮਾਨ ਡਾ. ਸ਼ਾਲਿਨੀ ਗੁਪਤਾ ਨੇ ਸੰਸਥਾ ਦੇ ਵਿਕਾਸ ਨਾਲ ਜੁੜੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ। ਐਸ.ਆਈ.ਆਰ.ਓ. ਦੇ ਨਿਰਦੇਸ਼ਕ ਡਾ. ਹਰਪ੍ਰੀਤ ਸਿੰਘ ਨੇ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ 14ਵੇਂ ਸਥਾਪਨਾ ਦਿਵਸ ਤੱਕ ਦੇ ਸਫ਼ਰ ਬਾਰੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਸੰਸਥਾ ਦੇ ਵਿਕਾਸ, ਅਕਾਦਮਿਕ ਵਿਸਥਾਰ, ਖੋਜ ਪ੍ਰਾਪਤੀਆਂ, ਅਧਿਆਪਕ ਵਰਗ ਦੇ ਯੋਗਦਾਨ ਅਤੇ ਨਵੀਨਤਾ ਤੇ ਗਿਆਨ-ਸਿਰਜਣਾ ਪ੍ਰਤੀ ਲਗਾਤਾਰ ਵਚਨਬੱਧਤਾ ਬਾਰੇ ਚਾਨਣਾ ਪਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ਨ ਬਿਊਰੋ ਦੇ ਸਹਾਇਕ ਨਿਰਦੇਸ਼ਕ ਪ੍ਰੋ. ਧਰਮਿੰਦਰ ਸਿੰਘ ਨੇ ਦੱਸਿਆ ਕਿ ਬਿਊਰੋ ਵਲੋਂ ਅਕਾਦਮਿਕ ਸੈਸ਼ਨ ਦੌਰਾਨ ਵੱਖ-ਵੱਖ ਵਿਸ਼ਿਆਂ ਉੱਤੇ 100 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਉਨ੍ਹਾਂ ਇਸ ਵਿਦਵਤਾਪੂਰਨ ਉਪਰਾਲੇ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਸਿੱਧੇ ਯੋਗਦਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਈ ਪੁਸਤਕਾਂ ਦੇ ਲੇਖਕ ਜਾਂ ਸੰਪਾਦਕ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਪ੍ਰਧਾਨ ਡਾ. ਸੰਦੀਪ ਸਿੰਘ, ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਤੇ ਖੋਜ ਤੇ ਵਿਕਾਸ ਦੇ ਡੀਨ ਡਾ.ਐਸ.ਐਸ.ਸ਼ਾਮਿਲ ਹਨ। ਪ੍ਰਬੰਧਕੀ ਕਮੇਟੀ ਦੇ ਮੈਂਬਰ ਐਡਵੋਕੇਟ ਹਰਦੇਵ ਸਿੰਘ ਨੇ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ ਯੂਨੀਵਰਸਿਟੀ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਲਈੇ ਨਕਦ ਇਨਾਮ ਦਾ ਐਲਾਨ ਕੀਤਾ। ਸਮਾਗਮ ਦੌਰਾਨ ਇਕ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ , ਜਿਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ-ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਸ਼ਾਮਲ ਸਨ।