ਫ਼ਤਹਿਗੜ੍ਹ ਸਾਹਿਬ, 30 ਅਕਤੂਬਰ (ਬਲਜਿੰਦਰ ਸਿੰਘ, ਸੁਰਜੀਤ ਸਿੰਘ ਸਾਹੀ)- ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵਲੋਂ ਅੱਜ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖ਼ਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗੇਟ ’ਤੇ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਹੈ, ਪਰ ਪੰਜਾਬ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਫ਼ੈਸਲਾ ਹੈ। ਸਿੱਖਿਆ ਵਿਭਾਗ ਨੇ ਅਧਿਆਪਕ ਭਰਤੀ ਪ੍ਰੀਖਿਆ ਵਿਚ ਕਥਿਤ ਗ਼ਲਤੀਆਂ ਦੇ ਮਾਮਲੇ ਵਿਚ 253 ਅਧਿਆਪਕਾਂ ਨੂੰ ਫ਼ਾਰਗ ਕਰਨ ਲਈ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ 10 ਦਿਨਾਂ ਅੰਦਰ ਰਿਲੀਵ ਕਰਨ ਦੇ ਹੁਕਮ ਦਿੱਤੇ ਹਨ। ਆਗੂਆਂ ਨੇ ਕਿਹਾ ਕਿ 2022 ਵਿਚ ਦਿੱਲੀ ਦੀ ਇਕ ਨਿੱਜੀ ਕੰਪਨੀ ਵਲੋਂ ਲਈ ਗਈ ਭਰਤੀ ਪ੍ਰੀਖਿਆ ਵਿਚ ਕਰੀਬ 83 ਸਵਾਲ ਗ਼ਲਤ ਸਨ। ਅਧਿਆਪਕਾਂ ਵਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਮਗਰੋਂ ਅਦਾਲਤ ਦੇ ਹੁਕਮਾਂ ਤੇ ਬਣੀ ਉੱਚ ਤਾਕਤ ਕਮੇਟੀ ਨੇ ਵੀ ਇਤਰਾਜ਼ਾਂ ਨੂੰ ਸਹੀ ਪਾਇਆ ਗਿਆ ਸੀ। ਇਸ ਰਿਪੋਰਟ ਦੇ ਅਧਾਰ ਤੇ ਮਈ 2023 ਵਿਚ ਅਧਿਆਪਕਾਂ ਨੂੰ ਡਿਊਟੀ ਤੇ ਜੁਆਇਨ ਕਰਵਾਇਆ ਗਿਆ ਸੀ। ਆਗੂਆਂ ਨੇ ਕਿਹਾ ਕਿ ਬਾਅਦ ਵਿਚ ਕੰਪਨੀ ਵਲੋਂ ਪਾਸ ਐਲਾਨੇ ਉਮੀਦਵਾਰ ਵੀ ਹਾਈਕੋਰਟ ਪਹੁੰਚੇ ਅਤੇ ਅਦਾਲਤ ਦੇ ਫ਼ੈਸਲੇ ਮਗਰੋਂ ਵਿਭਾਗ ਨੇ 253 ਅਧਿਆਪਕਾਂ ਨੂੰ ਫ਼ਾਰਗ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪ੍ਰੀਖਿਆ ਦੀਆਂ ਗ਼ਲਤੀਆਂ ਕਮੇਟੀ ਦੀ ਜਾਂਚ ਵਿਚ ਸਾਹਮਣੇ ਆਈਆਂ ਸਨ ਤਾਂ ਉਨ੍ਹਾਂ ਦਾ ਖ਼ਮਿਆਜ਼ਾ ਅਧਿਆਪਕਾਂ ਨੂੰ ਕਿਉਂ ਭੁਗਤਣਾ ਪੈ ਰਿਹਾ ਹੈ? ਸਮੂਹ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖ਼ਾਲੀ ਪਈਆਂ ਹਨ, ਇਨ੍ਹਾਂ ਅਧਿਆਪਕਾਂ ਨੂੰ ਖ਼ਾਲੀ ਅਸਾਮੀਆਂ ’ਤੇ ਐਡਜਸਟ ਕੀਤਾ ਜਾਵੇ। ਇਸ ਮੌਕੇ ਲਛਮਣ ਸਿੰਘ ਨਬੀਪੁਰ, ਰਾਜੇਸ਼ ਕੁਮਾਰ ਅਮਲੋਹ, ਜੋਸ਼ੀਲਾ ਤਿਵਾੜੀ, ਜਗਵਿੰਦਰ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ ਢੀਂਡਸਾ, ਬੇਅੰਤ ਸਿੰਘ ਭਾਂਬਰੀ, ਸੁਪਿੰਦਰ ਸਿੰਘ ਖਮਾਣੋਂ, ਜਤਿੰਦਰ ਸਿੰਘ, ਰਾਜਿੰਦਰ ਸਿੰਘ ਰਾਜਨ, ਬਲਵੰਤ ਸਿੰਘ ਟਿਵਾਣਾ, ਗੁਲਸ਼ਨ ਕੁਮਾਰ, ਗਗਨਜੀਤ ਸਿੰਘ, ਆਸ਼ੂਤੋਸ਼ ਧੀਮਾਨ, ਚਰਨਜੀਤ ਸਿੰਘ, ਮਨਿੰਦਰਪਾਲ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਰਾਜ ਕੁਮਾਰ ਸਿੰਘ, ਹਰਪਾਲ ਸਿੰਘ, ਸੁਖਵਿੰਦਰ ਸਿੰਘ ਮਾਜਰੀ, ਬਲਜਿੰਦਰ ਘਈ, ਅਵਤਾਰ ਸਿੰਘ ਰਾਠੀ, ਬਲਵੀਰ ਸਿੰਘ ਤੂਰਾਂ ਆਦਿ ਆਗੂ ਹਾਜ਼ਰ ਸਨ।
ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ 253 ਅਧਿਆਪਕਾਂ ਦੇ ਹੱਕ ਵਿਚ ਕੀਤਾ ਅਰਥੀ ਫ਼ੂਕ ਮੁਜ਼ਾਹਰਾ
ਫ਼ਤਹਿਗੜ੍ਹ ਸਾਹਿਬ, 30 ਅਕਤੂਬਰ (ਬਲਜਿੰਦਰ ਸਿੰਘ, ਸੁਰਜੀਤ ਸਿੰਘ ਸਾਹੀ)- ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵਲੋਂ ਅੱਜ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖ਼ਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗੇਟ ’ਤੇ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਹੈ, ਪਰ ਪੰਜਾਬ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਫ਼ੈਸਲਾ ਹੈ।
ਅਜੀਤ ਡੈਸਕ
31-10-2026