ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਧੁਨਿਕ ਤਕਨੀਕਾਂ ਦੀ ਦੁਨੀਆ ਨੂੰ ਜਾਣਿਆ
ਮੰਡੀ ਗੋਬਿੰਦਗੜ੍ਹ, 6 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਖੇ ਪੰਜਾਬ ਯੂਨੀਵਰਸਿਟੀ ਘੜੂੰਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਬੱਸ ਪਹੁੰਚੀ, ਜਿਸ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਵਿਗਿਆਨ ਅਤੇ ਤਕਨੀਕ ਦੀ ਦੁਨੀਆ ਨਾਲ ਰੂਬਰੂ ਹੋਣ ਦਾ ਸੁਨਹਿਰੀ ਮੌਕਾ ਮਿਲਿਆ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ, ਵਿਗਿਆਨਕ ਖੋਜਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।
ਮੰਡੀ ਗੋਬਿੰਦਗੜ੍ਹ, 6 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਖੇ ਪੰਜਾਬ ਯੂਨੀਵਰਸਿਟੀ ਘੜੂੰਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਬੱਸ ਪਹੁੰਚੀ, ਜਿਸ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਵਿਗਿਆਨ ਅਤੇ ਤਕਨੀਕ ਦੀ ਦੁਨੀਆ ਨਾਲ ਰੂਬਰੂ ਹੋਣ ਦਾ ਸੁਨਹਿਰੀ ਮੌਕਾ ਮਿਲਿਆ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ, ਵਿਗਿਆਨਕ ਖੋਜਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਰੋਬੋਟਿਕ ਆਰਮ, ਵਰਚੁਅਲ ਰਿਐਲਿਟੀ ਹੈੱਡਸੈੱਟ ਅਤੇ ਆਧੁਨਿਕ ਆਟੋਮੇਸ਼ਨ ਤਕਨੀਕਾਂ ਦਾ ਅਨੁਭਵ ਕੀਤਾ। ਵਿਦਿਆਰਥੀਆਂ ਨੇ ਹੈੱਡਸੈੱਟ ਰਾਹੀਂ ਵਰਚੁਅਲ ਦੁਨੀਆ ਨੂੰ ਨੇੜਿਓਂ ਦੇਖਿਆ ਅਤੇ ਰੋਬੋਟ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ, ਸਮਾਰਟ ਖੇਤੀਬਾੜੀ ਨਾਲ ਸਬੰਧਿਤ ‘ਸਮਾਰਟ ਫ਼ੀਲਡ ਗਾਰਡੀਅਨ’, ’ਸਮਾਰਟ ਫ਼ੀਲਡ ਨੈਵੀਗੇਟਰ’ ਅਤੇ ਇੰਟਰਨੈੱਟ ਆਫ਼ ਥਿੰਗਜ਼ ਆਧਾਰਿਤ ਪ੍ਰੋਜੈਕਟ ਵੀ ਵਿਦਿਆਰਥੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਨ੍ਹਾਂ ਮਾਡਲਾਂ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਸੈਂਸਰਾਂ, ਰੋਬੋਟਿਕਸ ਅਤੇ ਆਧੁਨਿਕ ਤਕਨੀਕ ਦੀ ਮਦਦ ਨਾਲ ਖੇਤੀਬਾੜੀ ਨੂੰ ਹੋਰ ਸੁਖਾਲਾ ਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਪੰਜਾਬ ਯੂਨੀਵਰਸਿਟੀ ਘੜੂੰਆਂ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਜਗਿਆਸਾ ਅਤੇ ਨਵੀਆਂ ਕਾਢਾਂ ਪ੍ਰਤੀ ਰੁਚੀ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਅਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨਾ ਵੀ ਬਹੁਤ ਜ਼ਰੂਰੀ ਹੈ।