ਪਠਾਨਕੋਟ, 2 ਜਨਵਰੀ (ਵਿਨੋਦ/ਆਸ਼ੀਸ਼ ਸ਼ਰਮਾ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਸਰੇ ਫ਼ੇਜ਼ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ: ਜਸਵੰਤ ਸਿੰਘ ਵਲੋਂ ਕੀਤੀ ਗਈ | ਮੀਟਿੰਗ 'ਚ ਸਹਾਇਕ ਕਮਿਸ਼ਨਰ ਜਰਨਲ ਵਿਕਰਮਜੀਤ, ਜ਼ਿਲ੍ਹਾ ਮਾਲ ਅਫ਼ਸਰ ਸੰਜੀਵ ਪਠਾਨੀਆ, ਮਾਝਾ ਜ਼ੋਨ ਦੇ ਵਾਈਸ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਰੋਹਿਤ ਸਿਆਲ, ਜ਼ਿਲ੍ਹਾ ਕੋਆਰਡੀਨੇਟਰ ਪਠਾਨਕੋਟ ਅਨਕਿਤ ਮਹਿਰਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਮਾਝਾ ਜ਼ੋਨ ਦੇ ਵਾਈਸ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਰੋਹਿਤ ਸਿਆਲ ਨੇ ਦੱਸਿਆ ਕਿ 7 ਜਨਵਰੀ ਤੋਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਪੂਰੇ ਪੰਜਾਬ 'ਚ ਯੁੱਧ ਨਸ਼ਿਆਂ ਵਿਰੁੱਧ ਫ਼ੇਜ਼-2 (ਪਿੰਡਾਂ ਦੇ ਪਹਿਰੇਦਾਰ) ਦਾ ਆਗਾਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਦੂਸਰੇ ਫ਼ੇਜ਼ ਵਿਚ ਪਿੰਡ-ਪਿੰਡ ਯਾਤਰਾਵਾਂ ਕੱਢੀਆਂ ਜਾਣਗੀਆਂ ਤੇ ਪਿੰਡ ਦੇ ਇਕ ਕਿੱਲੋਮੀਟਰ ਦੇ ਘੇਰੇ ਅੰਦਰ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਹਿਲੇ ਫੇਰ ਅੰਦਰ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਤੇ ਬਣਦੀ ਕਾਰਵਾਈ ਕੀਤੀ ਗਈ ਤੇ ਹੁਣ ਦੂਸਰੇ ਫ਼ੇਜ਼ ਅੰਦਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਫ਼ੇਜ਼-2 ਅੰਦਰ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਹਦਾਇਤਾਂ ਵੀ ਦਿੱਤੀਆਂ ਗਈਆਂ |