ਕੋਟਲੀ ਸੂਰਤ ਮੱਲ੍ਹੀ, 4 ਜਨਵਰੀ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਇਲਾਕੇ 'ਚ ਵਾਪਰ ਰਹੀਆਂ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੇ ਜਿੱਥੇ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਉਥੇ ਪੁਲਿਸ ਵਲੋਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਇਲਾਕੇ ਅੰਦਰ ਵਿਸ਼ੇਸ਼ ਨਾਕੇਬੰਦੀ ਕਰਕੇ ਗਸ਼ਤ ਵਧਾਉਣ ਦੀ ਬਜਾਏ ਅੱਡਾ ਕੋਟਲੀ ਸੂਰਤ ਮੱਲ੍ਹੀ ਦਾ ਪੱਕਾ ਪੁਲਿਸ ਨਾਕਾ ਵੀ ਪਿਛਲੇ ਲੰਬੇ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਇਲਾਕੇ 'ਚ ਮਾੜੇ ਅਨਸਰਾਂ ਦੇ ਹੌਂਸਲੇ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ ਤੇ ਚੋਰੀ ਦੀਆਂ ਘਟਨਾਵਾਂ ਵਾਪਰਨ ਕਰਕੇ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੁਕਾਨਦਾਰ ਯੂਨੀਅਨ ਦੇ ਆਗੂ ਵਿਜੇ ਕੁਮਾਰ ਸੋਨੀ, ਧਰਮਪਾਲ ਕੋਟਲੀ, ਬਿਕਰਮਜੀਤ ਬਿੱਕਾ, ਇੰਦਰਜੀਤ ਸਿੰਘ ਭੁੱਲਰ, ਚੰਨਪ੍ਰੀਤ ਸਿੰਘ ਬੇਦੀ, ਅਵਿਨਾਸ ਵਰਮਾ, ਜਨਕ ਰਾਜ, ਡਿੰਪਲ ਕੋਟਲੀ, ਅਮਰੀਕ ਸਿੰਘ ਬਿੱਟੂ ਸਮੇਤ ਅੱਡੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਮਾੜੇ ਅਨਸਰਾਂ ਨੂੰ ਨਕੇਲ ਪਾਉਣ ਲਈ ਪੁਲਿਸ ਵਲੋਂ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਦਿਨ-ਰਾਤ ਨਾਕਾ ਲਗਾਇਆ ਜਾਂਦਾ ਸੀ ਤੇ ਇੱਥੇ ਮੇਨ ਚੌਕ 'ਚ ਪੁਲਿਸ ਦਾ ਪੱਕਾ ਨਾਕਾ ਬਣਿਆ ਹੋਇਆ ਹੈ, ਪਰ ਹੁਣ ਪਿਛਲੇ ਲੰਮੇ ਸਮੇਂ ਤੋਂ ਇਥੇ ਕੋਈ ਪੁਲਿਸ ਕਰਮਚਾਰੀ ਡਿਊਟੀ ਉੱਪਰ ਦਿਖਾਈ ਨਹੀਂ ਦੇ ਰਿਹਾ ਤੇ ਇਥੇ ਨਾਕਾ ਨਹੀਂ ਲਗਾਇਆ ਜਾ ਰਿਹਾ, ਜਿਸ ਕਰਕੇ ਮਾੜੇ ਅਨਸਰ ਸਰਗਰਮ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਅੱਡਾ ਕੋਟਲੀ ਸੂਰਤ ਮੱਲ੍ਹੀ 'ਚੋਂ ਕੁੱਝ ਦੁਕਾਨਦਾਰਾਂ 'ਚ ਚੋਰੀ ਹੋਈ ਸੀ, ਕੁਝ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸਨ ਤੇ ਕੋਆਪ੍ਰੇਟਿਵ ਸਹਿਕਾਰੀ ਬੈਂਕ ਦੀ ਸ਼ਾਖ਼ਾ ਨੂੰ ਵੀ ਲੁੱਟਣ ਦਾ ਯਤਨ ਵੀ ਕੀਤਾ ਗਿਆ, ਪਰ ਪੁਲਿਸ ਵਲੋਂ ਕੋਈ ਨਾਕਾਬੰਦੀ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ 3 ਪ੍ਰਮੁੱਖ ਬੈਂਕਾਂ ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਗ੍ਰਾਮੀਣ ਬੈਂਕ ਤੇ ਸਹਿਕਾਰੀ ਬੈਂਕ ਦੀਆਂ ਸ਼ਾਖ਼ਾ ਹਨ ਤੇ ਇਸ ਤੋਂ ਇਲਾਵਾ 3 ਏ.ਟੀ.ਐਮ. ਮਸ਼ੀਨਾਂ ਵੀ ਹਨ ਤੇ ਕਈ ਵੱਡੀਆਂ ਦੁਕਾਨਾਂ ਹਨ, ਪੈਟਰੋਲ ਪੰਪ ਹਨ ਤੇ ਇਹ ਕਸਬਾ ਕਈ ਪਿੰਡਾਂ ਦਾ ਕੇਂਦਰਬਿੰਦੂ ਹੈ, ਜਿਸ ਕਰਕੇ ਇਥੇ ਪੁਲਿਸ ਨਾਕਾ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਥਾਣੇ ਹੀ ਇਥੇ ਨੇੜੇ ਸੀ ਤੇ ਹੁਣ ਪਿਛਲੇ ਸਮੇਂ ਤੋਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਇਮਾਰਤ ਇਥੋਂ 3 ਕਿਲੋਮੀਟਰ ਹੱਟਵੀਂ ਬਣਾ ਦਿੱਤੀ ਗਈ ਹੈਅਤੇ ਇਹ ਨਾਕਾ ਵੀ ਬੰਦ ਕਰ ਦਿੱਤਾ ਗਿਆ ਹੈ | ਇਸ ਸਬੰਧੀ ਐੱਸ.ਐੱਚ.ਓ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਇੱਥੇ ਨਾਕਾ ਨਹੀਂ ਲਗਾਇਆ ਜਾ ਰਿਹਾ ਤੇ ਜਲਦ ਹੀ ਪਹਿਲਾਂ ਦੀ ਤਰ੍ਹਾਂ ਪੁਲਿਸ ਦਾ ਨਾਕਾ ਲਗਾਇਆ ਜਾਵੇਗਾ | ਕਸਬੇ ਦੇ ਸਮੂਹ ਦੁਕਾਨਦਾਰਾਂ ਤੇ ਇਲਾਕੇ ਦੇ ਲੋਕਾਂ ਨੇ ਐੱਸ.ਐੱਸ.ਪੀ. ਬਟਾਲਾ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ 'ਚ ਵਿਸ਼ੇਸ਼ ਨਾਕਾਬੰਦੀ ਕਰਕੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਪੁਲਿਸ ਦਾ ਪੱਕਾ ਨਾਕਾ ਲਗਾਇਆ ਜਾਵੇ ਤਾਂ ਜੋ ਮਾੜੇ ਅਨਸਰਾਂ ਨੂੰ ਨਕੇਲ ਪਾਈ ਜਾ ਸਕੇ |