ਗੁਰਦਾਸਪੁਰ, 4 ਜਨਵਰੀ (ਗੁਰਪ੍ਰਤਾਪ ਸਿੰਘ)-ਅੱਜ ਖੱਬੇ ਪੱਖੀ ਧਿਰਾਂ ਸੀ.ਪੀ.ਆਈ, ਸੀ.ਪੀ.ਐਮ, ਸੀ.ਪੀ.ਐਮ.ਐਲ ਲਿਬਰੇਸ਼ਨ ਤੇ ਆਰ.ਐਮ.ਪੀ.ਆਈ ਦੇ ਵਰਕਰਾਂ ਨੇ ਅਮਰੀਕਾ ਵਲੋਂ ਵੈਂਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਧੂਰੋ ਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਦੇਸ਼ ਵਿਚਲੀ ਰਿਹਾਇਸ਼ 'ਚੋਂ ਅਗਵਾ ਕਰਕੇ ਲੈ ਜਾਣ ਦੇ ਵਿਰੋਧ 'ਚ ਗੁਰੂ ਨਾਨਕ ਪਾਰਕ ਵਿਖੇ ਰੈਲੀ ਕੀਤੀ ਤੇ ਸ਼ਹਿਰ 'ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਡਾਕਖ਼ਾਨਾ ਚੌਕ 'ਚ ਫੂਕਿਆ ਗਿਆ | ਖੱਬੇ ਪੱਖੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਰੂਪ ਸਿੰਘ ਪੱਡਾ, ਜਗਜੀਤ ਸਿੰਘ ਅਲੂਣਾ, ਮੱਖਣ ਕੁਹਾੜ ਤੇ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਵੈਂਜ਼ੂਏਲਾ 'ਤੇ ਅਮਰੀਕੀ ਸਾਮਰਾਜ ਦਾ ਹਮਲਾ ਸਿੱਧਾ ਦੂਸਰੇ ਦੇਸ਼ ਦੀ ਆਜ਼ਾਦੀ ਦੀ ਹੋਂਦ 'ਤੇ ਹਮਲਾ ਹੈ | ਅਮਰੀਕਾ ਬੀਤੇ ਸਾਲਾਂ ਤੋਂ ਵੈਂਜ਼ੂਏਲਾ ਦੇ ਰਾਸ਼ਟਰਪਤੀ ਨੂੰ ਅਮਰੀਕਾ ਅੱਗੇ ਗੋਡੇ ਟੇਕਣ ਲਈ ਮਜਬੂਰ ਕਰ ਰਿਹਾ ਸੀ ਜੋ ਵੈਂਜ਼ੂਏਲਾ ਦੇ ਰਾਸ਼ਟਰਪਤੀ ਤੇ ਉੱਥੋਂ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਸੀ | ਅਸਲ ਵਿਚ ਅਮਰੀਕਾ ਦੀ ਅੱਖ ਵੈਂਜੂਏਲਾ ਵਿਚਲੇ ਕੱਚੇ ਤੇਲ ਦੇ ਭੰਡਾਰਾ ਉੱਪਰ ਹੈ ਜੋ ਕਿ ਕੱਚਾ ਤੇਲ ਦੁਨੀਆ ਭਰ ਤੇਲ ਉਤਪਾਦਕ ਦੇਸ਼ਾਂ ਤੋਂ ਸਭ ਤੋਂ ਜ਼ਿਆਦਾ ਕਰੀਬ 300 ਮਿਲੀਅਨ ਬੈਰਲ ਭੰਡਾਰ ਦੇ ਬਰਾਬਰ ਹਨ | ਜਿਸ ਉੱਪਰ ਅਮਰੀਕਾ ਕਬਜ਼ਾ ਕਰਨਾ ਚਾਹੁੰਦਾ ਹੈ | ਆਗੂਆਂ ਨੇ ਮੰਗ ਕੀਤੀ ਕਿ ਅਮਰੀਕਾ ਮਾਧੂਰ ਅਤੇ ਉਸ ਦੀ ਪਤਨੀ ਨੂੰ ਆਜ਼ਾਦ ਕਰੇ ਅਤੇ ਵੈਂਜ਼ੂਏਲਾ 'ਚੋਂ ਫ਼ੌਰੀ ਦਖ਼ਲ ਬੰਦ ਕਰੇ | ਇਸ ਮੌਕੇ ਰੂਪ ਸਿੰਘ ਸਿੱਧੂ, ਜਨਕ ਰਾਜ , ਸੁਖਦੇਵ ਸਿੰਘ ਭਾਗੋਕਾਵਾਂ, ਪ੍ਰੇਮ ਮਸੀਹ ਸੋਨਾ, ਸ਼ਿਵ ਕੁਮਾਰ, ਠਾਕੁਰ ਧਿਆਨ ਸਿੰਘ ਅਤੇ ਕੁਲਦੀਪ ਰਾਜੂ ਆਦਿ ਹਾਜ਼ਰ ਸਨ |