ਗੁਰਦਾਸਪੁਰ, 5 ਜਨਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਨਵਾਂ ਸ਼ਾਲਾ ਵਿਖੇ ਐਤਵਾਰ ਰਾਤ 10 ਵਜੇ ਦੇ ਕਰੀਬ ਆਲੂਆਂ ਨਾਲ ਭਰੇ ਤੇਜ਼ ਰਫ਼ਤਾਰ ਟਰੱਕ ਦਾ ਸੰਤੁਲਨ ਵਿਗੜਨ ਨਾਲ ਟਰੱਕ ਸੜਕ ਕੰਢੇ ਲੱਗੇ ਬਿਜਲੀ ਦੇ ਮੀਟਰ, ਸੋਲਰ ਲਾਈਟਾਂ ਤੋੜਦਾ ਹੋਇਆ ਦੁਕਾਨਾਂ ਵਿਚ ਜਾ ਵੱਜਿਆ | ਟਰੱਕ ਦੇ ਵੱਜਣ ਨਾਲ ਬਿਜਲੀ ਬੋਰਡ ਤੇ ਦੁਕਾਨਦਾਰਾਂ ਦਾ ਕਰੀਬ 7, 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਜਦਕਿ ਸ਼ਾਲਾ ਪੁਲਿਸ ਨੇ ਟਰੱਕ ਡਰਾਈਵਰ ਨੂੰ ਕਾਬੂ 'ਚ ਲੈ ਲਿਆ ਹੈ | ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਮਾਲਕ ਹੀਰਾ ਸਿੰਘ, ਰਾਜਵੀਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਨਵਾਂ ਸ਼ਾਲਾ ਨੇ ਦੱਸਿਆ ਕਿ ਇਹ ਹਾਦਸਾ ਰਾਤ 10 ਵਜੇ ਦੇ ਕਰੀਬ ਵਾਪਰਿਆ ਤੇ ਅਚਾਨਕ ਵੱਡਾ ਧਮਾਕਾ ਹੋਣ ਕਰਕੇ ਪਿੰਡ ਦੇ ਲੋਕ ਬਾਹਰ ਆ ਗਏ ਤੇ ਬਿਜਲੀ ਸਪਲਾਈ ਵੀ ਬੰਦ ਹੋ ਗਈ | ਵੈਲਡਿੰਗ ਦੇ ਦੁਕਾਨ ਦੇ ਮਾਲਕ ਗੁਰਮੇਜ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਗੁਨੋਪੁਰ ਨੇ ਦੱਸਿਆ ਕਿ ਇਸ ਟਰੱਕ ਨੇ ਉਸ ਦਾ ਸਾਰਾ ਸਮਾਨ ਲਪੇਟ ਵਿਚ ਲੈ ਲਿਆ ਹੈ, ਜਿਸ ਕਰਕੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਟਰੱਕ ਨੰਬਰ ਏ.ਪੀ.73.ਏ 7367 ਜੋ ਮੁਕੇਰੀਆਂ ਤੋਂ ਗੁਰਦਾਸਪੁਰ ਆਲੂ ਲੈ ਕੇ ਆ ਰਿਹਾ ਸੀ ਕਿ ਟਰੱਕ ਦੇ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਕਰਕੇ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰ ਗਿਆ | ਉਨ੍ਹਾਂ ਦੱਸਿਆ ਕਿ ਤਿੰਨ ਦੁਕਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਬਿਜਲੀ ਬੋਰਡ ਦੇ ਕਰਮਚਾਰੀ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਬਿਜਲੀ ਬੋਰਡ ਦੇ ਦੋ ਖੰਬੇ ਤੇ 40 ਮੀਟਰ ਸੜ ਕੇ ਸੁਆਹ ਹੋ ਗਏ, ਜਿਸ ਨਾਲ ਲਗਭਗ ਡੇਢ ਲੱਖ ਦੇ ਕਰੀਬ ਬਿਜਲੀ ਬੋਰਡ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਟਰੱਕ ਡਰਾਈਵਰ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |