ਬਟਾਲਾ, 6 ਜਨਵਰੀ (ਸਤਿੰਦਰ ਸਿੰਘ)-ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਬਟਾਲਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਡਾਟਾ ਐਂਟਰੀ ਓਪਰੇਟਰ ਕਈ ਸਾਲਾਂ ਤੋਂ ਫ਼ਰਦ ਕੇਂਦਰਾਂ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | 17-18 ਸਾਲਾਂ ਦੀ ਲਗਾਤਾਰ ਸੇਵਾ ਦੇ ਬਾਵਜੂਦ ਅੱਜ ਦੀ ਮਹਿੰਗਾਈ ਨੂੰ ਧਿਆਨ 'ਚ ਰੱਖਦੇ ਹੋਏ ਸਾਡੀਆਂ ਤਨਖਾਹਾਂ ਵਿਚ ਕੋਈ ਵੱਡਾ ਵਾਧਾ ਨਹੀਂ ਕੀਤਾ ਗਿਆ ਅਤੇ ਨਾ ਹੀ ਉਹ ਸੁਵਿਧਾਵਾਂ ਦਿੱਤੀਆਂ ਗਈਆਂ ਹਨ, ਜੋ ਇਕ ਮੁਲਾਜ਼ਮ ਨੂੰ ਕਿਰਤ ਕਾਨੂੰਨਾਂ ਅਨੁਸਾਰ ਮਿਲਣੀਆਂ ਚਾਹੀਦੀਆਂ ਹਨ | ਇਥੋਂ ਤੱਕ ਕਿ ਸਾਨੂੰ ਕਿਰਤ ਕਾਨੂੰਨ ਮੁਤਾਬਕ ਡੀ.ਸੀ. ਰੇਟ ਤਨਖਾਹ ਵੀ ਕਦੇ ਨਹੀਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸੀ.ਐੱਮ.ਐੱਸ. ਕੰਪਿਊਟਰਜ਼ ਲਿਮੀਟਡ ਕੰਪਨੀ ਵਲੋਂ ਅਕਤੂਬਰ 2024 ਤੋਂ ਲਗਾਤਾਰ ਇਹ ਪ੍ਰਥਾ ਅਪਣਾਈ ਜਾ ਰਹੀ ਹੈ ਕਿ 2-3 ਮਹੀਨੇ ਕੰਮ ਕਰਵਾ ਕੇ ਸਿਰਫ਼ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ | ਜਦੋਂ ਅਸੀਂ ਆਪਣੀ ਬਣਦੀ ਤਨਖਾਹ ਦੀ ਮੰਗ ਲਈ ਕਲਮ-ਛੋੜ ਹੜਤਾਲ ਕਰਦੇ ਹਾਂ ਤਾਂ ਕੰਪਨੀ ਵਲੋਂ ਉਨ੍ਹਾਂ ਦਿਨਾਂ ਦੀ ਤਨਖਾਹ ਵੀ ਕੱਟ ਲਈ ਜਾਂਦੀ ਹੈ | ਉੱਪਰੋਂ ਕੰਪਨੀ ਸਿਰਫ਼ ਵਟਸਅਪ ਮੈਸਜ ਰਾਹੀਂ ਇਹ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਰਹੀ ਹੈ ਕਿ ਜਦੋਂ ਤੱਕ ਬਿੱਲ ਪਾਸ ਨਹੀਂ ਹੁੰਦੇ, ਤਦ ਤੱਕ ਤਨਖਾਹ ਨਹੀਂ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਸਾਡੀਆਂ ਹੋਰ ਵੀ ਮੰਗਾਂ ਹਨ, ਜੋ ਪੂਰੀਆਂ ਕੀਤੀਆਂ ਜਾਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ 9 ਤੋਂ 12 ਜਨਵਰੀ ਤੱਕ ਐਸੋਸੀਏਸ਼ਨ ਦੇ ਝੰਡੇ ਹੇਠ ਤੇਜ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਦਿਲਬਾਗ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਰਣਵੀਰ ਸਿੰਘ, ਹਰਭਜਨ ਸਿੰਘ, ਜਗਦੀਪ ਸਿੰਘ, ਮਨਦੀਪ ਕੌਰ ਸ਼ੈਲੀ ਆਦਿ ਹਾਜ਼ਰ ਸਨ |