ਨਿੱਕੇ ਘੁੰਮਣ, 23 ਜਨਵਰੀ (ਸਤਬੀਰ ਸਿੰਘ ਘੁੰਮਣ)-ਬੀਤੀ ਰਾਤ ਤੋਂ ਲਗਾਤਾਰ ਚੱਲ ਰਹੀਆਂ ਤੇਜ਼ ਠੰਢੀਆਂ ਹਵਾਵਾਂ ਤੇ ਪੈ ਰਹੇ ਮੀਂਹ ਨੇ ਸਥਾਨਕ ਇਲਾਕੇ ਵਿਚ ਸਮੂਹ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ | ਮੌਸਮ ਦੇ ਅਚਾਨਕ ਬਦਲਦੇ ਮਿਜਾਜ ਕਾਰਨ ਲੋਕ ਘਰਾਂ ਵਿਚ ਹੀ ਰਹਿਣ ਲਈ ਮਜਬੂਰ ਨਜ਼ਰ ਆ ਰਹੇ ਹਨ, ਜਿਸ ਨਾਲ ਕਸਬਾ ਨਿੱਕੇ ਘੁੰਮਣ ਤੇ ਸ਼ਹਿਰ ਰੂਪੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਬਾਜ਼ਾਰਾਂ ਵਿਚ ਪੂਰੀ ਤਰ੍ਹਾਂ ਬੇਰੌਣਕੀ ਛਾਈ ਦਿਖਾਈ ਦਿੱਤੀ | ਸਵੇਰੇ ਤੋਂ ਹੀ ਮੀਹ ਤੇ ਤੇਜ਼ ਠੰਢੀਆਂ ਹਵਾਵਾਂ ਚੱਲਣ ਕਾਰਨ ਦੁਕਾਨਦਾਰਾਂ ਨੂੰ ਗ੍ਰਾਹਕਾਂ ਦੀ ਉਡੀਕ ਕਰਨੀ ਪਈ | ਆਮ ਦਿਨਾਂ 'ਚ ਰੌਣਕ ਨਾਲ ਭਰਪੂਰ ਰਹਿਣ ਵਾਲੀਆਂ ਗਲੀਆਂ ਤੇ ਬਾਜ਼ਾਰ ਅੱਜ ਸੁੰਨੇ ਪਏ ਨਜ਼ਰ ਆਏ | ਮੌਸਮ ਦੀ ਖਰਾਬੀ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਲਾਕੇ ਦੇ ਕਿਸਾਨ ਆਗੂਆਂ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ, ਰਣਧੀਰ ਸਿੰਘ ਘੁੰਮਣ, ਜਸਵਿੰਦਰ ਸਿੰਘ ਬਾਠ, ਗੁਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਂਹ ਫਸਲਾਂ ਲਈ ਕਿਤੇ-ਕਿਤੇ ਲਾਭਦਾਇਕ ਹੋ ਸਕਦਾ ਹੈ, ਪਰ ਤੇਜ਼ ਹਵਾਵਾਂ ਕਾਰਨ ਖੜੀਆਂ ਫਸਲਾ ਨੂੰ ਨੁਕਸਾਨ ਪਹੁੰਚਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ | ਜਦ ਕਿ ਮੌਸਮ ਵਿਭਾਗ ਵਲੋਂ ਅਗਲੇ ਕੁੱਝ ਹੋਰ ਘੰਟਿਆਂ ਦੌਰਾਨ ਵੀ ਠੰਢੀਆਂ ਹਵਾਵਾਂ ਅਤੇ ਹਲਕਾ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ | ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੌਸਮ ਹਲਾਤਾਂ ਨੂੰ ਦੇਖਦਿਆਂ ਬਿਜਲੀ ਤੇ ਪਾਣੀ ਦੀ ਸਪਲਾਈ ਸਚਾਰੂ ਬਣਾਈ ਰੱਖੀ ਜਾਵੇ ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਹੋਰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ |