ਬਮਿਆਲ, 24 ਜਨਵਰੀ (ਰਾਕੇਸ਼ ਸ਼ਰਮਾ)-ਬੀਤੇ ਦਿਨ ਇਕ ਅੱਤਵਾਦੀ ਸੰਗਠਨ ਵਲੋਂ ਜ਼ਿਲ੍ਹੇ ਦੇ ਸਰਹੱਦੀ ਖੇਤਰ 'ਚ ਪੰਮਾ ਪਿੰਡ ਨੇੜੇ ਆਕਰਸ਼ਨ ਪਬਲਿਕ ਸਕੂਲ ਵਿਖੇ ਬੰਬ ਧਮਾਕੇ ਦੀ ਧਮਕੀ ਵਾਲਾ ਈਮੇਲ ਭੇਜਣ ਤੋਂ ਬਾਅਦ ਪੁਲਿਸ ਨੇ ਸਕੂਲ ਦੀ ਕਈ ਘੰਟੇ ਤਲਾਸ਼ੀ ਲਈ | ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ | ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਪ੍ਰਬੰਧਨ ਨੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਅਤੇ ਬੱਚਿਆਂ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ | ਇਸ ਦੌਰਾਨ ਪੁਲਿਸ ਨੇ ਸਕੂਲ 'ਚ ਸੁਰੱਖਿਆ ਵਧਾ ਦਿੱਤੀ ਹੈ | ਜਦੋਂ ਕਿ ਇਕ ਸਟਾਫ ਮੈਂਬਰ ਤਾਇਨਾਤ ਕੀਤਾ ਹੈ ਅਤੇ ਸਕੂਲ ਦੇ ਬਾਹਰ ਇਕ ਪੁਲਿਸ ਗਾਰਡ ਤਾਇਨਾਤ ਕੀਤਾ ਹੈ | ਘਟਨਾ 'ਤੇ ਨੇੜਿਉਂ ਨਜ਼ਰ ਮਾਰਨ 'ਤੇ ਇਲਾਕੇ ਦੇ ਕਈ ਨਿੱਜੀ ਸਕੂਲਾਂ ਵਿਚ ਸ਼ਨੀਵਾਰ ਨੂੰ ਹੋਈ ਘਟਨਾ ਦਾ ਪ੍ਰਭਾਵ ਸਾਹਮਣੇ ਆਇਆ | ਸਕੂਲ ਵਿਚ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘਟ ਗਈ ਸੀ | ਜਿਸ ਤੋਂ ਪਤਾ ਲੱਗਦਾ ਹੈ ਕਿ ਮਾਪੇ ਬੰਬ ਧਮਾਕੇ ਦੀ ਧਮਕੀ ਬਾਰੇ ਜ਼ਰੂਰ ਚਿੰਤਤ ਹਨ | ਹਾਲਾਂਕਿ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਕਿਸੇ ਵੀ ਅਣਚਾਹੀ ਵਸਤੂ ਦਾ ਕੋਈ ਸਬੂਤ ਨਹੀਂ ਮਿਲਿਆ | ਧਿਆਨਦੇਣ ਯੋਗ ਹੈ ਕਿ ਆਕਰਸ਼ਨ ਪਬਲਿਕ ਸਕੂਲ ਨੂੰ ਬੀਤੇ ਕੱਲ੍ਹ ਸਵੇਰੇ 8:45 ਵਜੇ ਦੇ ਕਰੀਬ ਆਪਣੇ ਅਧਿਕਾਰਤ ਈ.ਮੇਲ ਪਤੇ 'ਤੇ ਇਕ ਈਮੇਲ ਪ੍ਰਾਪਤ ਹੋਈ, ਜਿਸ ਵਿਚ ਸਕੂਲ ਨੂੰ ਦੁਪਹਿਰ 1:11 ਵਜੇ ਬੰਬ ਧਮਾਕੇ ਦੀ ਜਾਣਕਾਰੀ ਦਿੱਤੀ ਗਈ ਸੀ | ਘਟਨਾ ਤੋਂ ਤੁਰੰਤ ਬਾਅਦ ਬੱਚਿਆਂ ਨੂੰ ਸਕੂਲ ਤੋਂ ਘਰ ਭੇਜ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਇਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਵਲੋਂ ਪੂਰੇ ਸਕੂਲ ਕੰਪਲੈਕਸ ਦੀ ਤਲਾਸ਼ੀ ਲਈ ਗਈ | ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ | ਹਾਲਾਂਕਿ ਸਾਵਧਾਨੀ ਦੇ ਤੌਰ 'ਤੇ ਸਕੂਲ ਵਿਚ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ |