ਗੁਰਦਾਸਪੁਰ, 24 ਜਨਵਰੀ (ਅਸ਼ੋਕ ਸ਼ਰਮਾ)-ਗਣਤੰਤਰ ਦਿਵਸ ਮੌਕੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਫੁੱਲ ਡਰੈੱਸ ਰਿਹਰਸਲ ਕੀਤੀ ਗਈ | ਜਿਸ ਦਾ ਨਿਰੀਖਣ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਅਦਿੱਤਿਆ ਗੁਪਤਾ, ਐੱਸ.ਪੀ ਜੁਗਰਾਜ ਸਿੰਘ ਮੌਜੂਦ ਸਨ | ਇਸ ਮੌਕੇ ਏ.ਡੀ.ਸੀ (ਵਿ) ਗੁਰਪ੍ਰੀਤ ਸਿੰਘ ਗਿੱਲ ਵੀ ਹਾਜ਼ਰ ਸਨ | ਫੁੱਲ ਡਰੈੱਸ ਰਿਹਰਸਲ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ | ਉਪਰੰਤ ਉਨ੍ਹਾਂ ਵਲੋਂ ਪਰੇਡ ਦਾ ਮੁਆਇਨਾ ਕੀਤਾ | ਇਸ ਤੋਂ ਬਾਅਦ ਪੁਲਿਸ ਟੁਕੜੀਆਂ, ਮਹਿਲਾ ਪੁਲਿਸ, ਹੋਮਗਾਰਡ, ਐਨ.ਸੀ.ਸੀ ਕੈਡਿਟਸ, ਪੰਜਾਬ ਪੁਲਿਸ ਤੇ ਭਾਰਤੀ ਫ਼ੌਜ ਦੀ ਬੈਂਡ ਟੀਮ ਨੇ ਮਾਰਚ ਪਾਸਟ ਵਿਚ ਹਿੱਸਾ ਲਿਆ | ਪਰੇਡ ਦੀ ਅਗਵਾਈ ਪਰੇਡ ਕਮਾਂਡਰ ਮਨਿੰਦਰਪਾਲ ਸਿੰਘ ਡੀ.ਐੱਸ.ਪੀ ਵਲੋਂ ਕੀਤੀ ਗਈ | ਉਪਰੰਤ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਵਧੀਕ ਡਿਪਟੀ ਕਮਿਸ਼ਨਰ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ 26 ਜਨਵਰੀ ਨੂੰ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਬੀ.ਐੱਸ.ਐਫ. ਵੱਲੋਂ ਇੱਕ ਵਿਸ਼ੇਸ਼ ਬੂਥ ਲਗਾ ਕੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ | ਮੁੱਖ ਮਹਿਮਾਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਵੱਖ-ਵੱਖ ਸੁਰੱਖਿਆ ਸੈਨਾਵਾਂ ਵਿਚ ਸੇਵਾ ਨਿਭਾਉਂਦਿਆਂ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈ ਸਾਈਕਲਾਂ ਵੰਡ ਵੀ ਕੀਤੀ ਜਾਵੇਗੀ | ਸਮਾਗਮ ਮੌਕੇ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ | ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ 26 ਜਨਵਰੀ ਨੂੰ ਪੂਰੇ ਉਤਸ਼ਾਹ ਨਾਲ ਗਣਤੰਤਰ ਦਿਵਸ ਮਨਾਇਆ ਜਾਵੇਗਾ | ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ | ਇਸ ਮੌਕੇ ਤਹਿਸੀਲਦਾਰ ਗੁਰਪ੍ਰੀਤ ਕੰਬੋਜ, ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਡਾ: ਪ੍ਰਭਜੋਤ ਕੌਰ ਕਲਸੀ, ਸਹਾਇਕ ਸਿਵਲ ਸਰਜਨ, ਪਰਮਜੀਤ ਕੌਰ, ਜ਼ਿਲਾ ਸਿੱਖਿਆ ਅਫ਼ਸਰ, ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੁਜ਼ਗਾਰ ਅਫ਼ਸਰ, ਜਸਪ੍ਰੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ, ਪਰਮਿੰਦਰ ਸਿੰਘ ਸੈਣੀ ਨੋਡਲ ਅਫ਼ਸਰ, ਹਰਮਨਜੀਤ ਸਿੰਘ, ਮੁਕੇਸ਼ ਕੁਮਾਰ ਵਰਮਾ ਸਹਾਇਕ ਨੋਡਲ ਅਫ਼ਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ |