ਬਟਾਲਾ, 24 ਜਨਵਰੀ (ਸਤਿੰਦਰ ਸਿੰਘ)-ਬੀਤੇ ਦਿਨੀਂ ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ਪਿ੍ੰਸੀਪਲ ਹਰਪ੍ਰੀਤ ਕੌਰ ਦੀ ਅਗਵਾਈ 'ਚ ਕਰਵਾਇਆ, ਜਿਸ 'ਚ ਮੱੁਖ ਮਹਿਮਾਨ ਵਜੋਂ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਪਹੁੰਚੇ | ਪ੍ਰੋਗਰਾਮ ਦਾ ਆਗਾਜ਼ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਜਪਜੀਤ ਕੌਰ ਤੇ ਟੀਮ ਵਲੋਂ 'ਲੱਖ ਖੁਸ਼ੀਆਂ ਪਾਤਸ਼ਾਹੀਆਂ' ਸ਼ਬਦ ਦਾ ਗਾਇਨ ਕਰ ਕੇ ਕੀਤਾ | ਉਪਰੰਤ 9ਵੀ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਧਾਰਮਿਕ ਸ਼ਬਦ ਦਾ ਗਾਇਨ ਕੀਤਾ, ਨਰਸਰੀ ਜਮਾਤ ਦੇ ਵਿਦਿਆਰਥੀਆਂ ਵਲੋਂ 'ਛੋਟਾ ਬੱਚਾ ਜਾਣ ਕੇ ਹਮਕੋਂ ਨਾ ਸਮਝਾਣਾ ਰੇ' ਤੇ ਐਲ. ਕੇ. ਜੀ. ਨੇ ਇਕ ਗੀਤ 'ਤੇ ਡਾਂਸ ਕੀਤਾ | ਉਪਰੰਤ ਯੂ. ਕੇ. ਜੀ. ਦੇ ਵਿਦਿਆਰਥੀਆਂ ਨੇ 'ਫਿਰ ਭੀ ਦਿਲ ਹੇ ਹਿੰਦੋਸਤਾਨੀ ਗੀਤ' 'ਤੇ ਡਾਂਸ ਕੀਤਾ | ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 'ਗੁਰਮੁਖੀ ਦਾ ਬੇਟਾ' ਗੀਤ ਰਾਹੀਂ ਆਪਣੀ ਹਾਜ਼ਰੀ ਲਵਾਈ | ਉਪਰੰਤ ਦੂਜੀ ਤੇ ਤੀਜੀ ਦੇ ਵਿਦਿਆਰਥੀਆਂ ਨੇ ਮੋਬਾਈਲ ਦੀਆਂ ਹਾਨੀਆਂ ਤੇ ਇਸ ਦਾ ਗਲਤ ਅਸਰ ਕਿਵੇ ਹੋ ਰਿਹਾ ਹੈ, ਉਸ ਬਾਰੇ ਇਕ ਜਾਗਰੁਕਤਾ ਨਾਟਕ ਖੇਡ ਕੇ ਮਾਪਿਆਂ ਤੇ ਹੋਰ ਸਭ ਨੂੰ ਹੈਰਾਨ ਕੀਤਾ | ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਨਪੜ੍ਹਤਾ 'ਤੇ ਇਕ ਸਕਿੱਟ ਪੇਸ਼ ਕੀਤੀ | ਲੜਕੀਆਂ (ਜੂਨੀਅਰ) ਨੇ ਗਿੱਧਾ ਪੇਸ਼ ਕਰ ਕੇ ਸਭ ਦੀ ਵਾਹੋ-ਵਾਹੀ ਲੁੱਟੀ | ਛੇਵੀਂ ਕਲਾਸ ਦੀ ਅਨੂੰ ਤੇ ਉਸ ਦੀ ਟੀਮ ਨੇ ਵੀ ਇਕ ਗੀਤ 'ਤੇ ਕੋਰਿਓਗ੍ਰਾਫੀ ਪੇਸ਼ ਕੀਤੀ | 9ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵਾਰਤਾਲਾਪ ਦੇ ਰੂਪ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਵੇਰਵੇ ਦੱਸੇ | ਮੁੱਖ ਮਹਿਮਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਪੇਸ਼ਕਾਰੀ ਤੇ ਸਕੂਲ ਦੀ ਉਪਲੱਬਧੀਆਂ ਦੀ ਸ਼ਾਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅੱਜ ਮੁਕਾਬਲੇ ਦਾ ਯੁੱਗ ਹੈ, ਲੜਕੀਆਂ ਵੀ ਅੱਗੇ ਵਧ ਕੇ ਮੁਕਾਬਲੇ 'ਚ ਭਾਗ ਲੈ ਰਹੀਆਂ ਹਨ ਤੇ ਉੱਚ ਮੁਕਾਮ ਹਾਸਲ ਕਰ ਰਹੀਆਂ ਹਨ, ਇਸ ਲਈ ਮੇਰੀ ਮਾਪਿਆਂ ਨੂੰ ਅਪੀਲ ਹੈ ਕਿ ਲੜਕੀ ਤੇ ਲੜਕੇ ਵਿਚ ਅੰਤਰ ਨਾ ਸਮਝਿਆ ਜਾਵੇ ਤੇ ਦੋਵਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ | ਪਿ੍ੰ. ਹਰਪ੍ਰੀਤ ਕੌਰ ਚਾਹਲ ਨੇ ਸਾਲਾਨਾ ਰਿਪੋਰਟ ਪੜ੍ਹੀ | ਗੁਰਨਾਮ ਸਿੰਘ ਜਫਰਵਾਲ ਨੇ ਆਏ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਜਾਹਿਰ ਕੀਤਾ | ਮੁੱਖ ਮਹਿਮਾਨ ਪ੍ਰਤਾਪ ਸਿੰਘ ਬਾਜਵਾ, ਗੁਰਨਾਮ ਸਿੰਘ ਚਾਹਲ ਤੇ ਪਿ੍ੰ. ਹਰਪ੍ਰੀਤ ਕੌਰ ਚਾਹਲ ਨੇ ਹੋਣਹਾਰ ਤੇ ਸਮਾਗਮ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ |