ਗੁਰਦਾਸਪੁਰ, 25 ਜਨਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਮੁਹੱਲਾ ਇਸਲਾਮਾਬਾਦ 'ਚ ਨਾਲੀਆਂ ਦੀ ਸਫ਼ਾਈ ਨਾ ਹੋਣ ਕਰਕੇ ਜ਼ਹਿਰੀਲੇ ਕੀੜੇ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਕੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਾ ਰਹੇ ਹਨ | ਇਸ ਪਾਸੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਧਿਆਨ ਨਾ ਹੋਣ ਕਰਕੇ ਮੁਹੱਲਾ ਵਾਸੀਆਂ ਦਾ ਅਧਿਕਾਰੀਆਂ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਵਾਰਡ ਨੰਬਰ-10 ਦੇ ਵਸਨੀਕਾਂ ਨੇ ਦੱਸਿਆ ਕਿ ਮੁਹੱਲੇ ਦੇ ਕੌਂਸਲਰ ਸੱਤਪਾਲ ਪੱਪੀ ਦੀ ਮੌਤ ਤੋਂ ਬਾਅਦ ਮੁਹੱਲੇ ਦੀ ਸਫ਼ਾਈ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ ਤੇ ਵਾਰਡ ਦੇ ਲੋਕ ਗੰਦਗੀ ਤੋਂ ਆਪਣੇ ਆਪ ਨੰੂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਕ ਸਾਲ ਤੋਂ ਕੋਈ ਵੀ ਸਫਾਈ ਸੇਵਕ ਨਾਲੀਆਂ ਦੀ ਸਫ਼ਾਈ ਵੱਲ ਧਿਆਨ ਨਹੀਂ ਦੇ ਰਿਹਾ ਤੇ ਗਲੀਆਂ ਦੀਆਂ ਛੋਟੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ | ਗਾਰ ਜੰਮੀ ਪਈ ਹੈ ਤੇ ਨਾਲੀਆਂ 'ਚੋਂ ਕੀੜੇ ਨਿਕਲ ਕੇ ਲੋਕਾਂ ਦੇ ਘਰਾਂ ਵਿਚ ਜਾ ਰਹੇ ਹਨ | ਜਦੋਂ ਕਿ ਮੁਹੱਲਾ ਨਿਵਾਸੀਆਂ ਨੰੂ ਨਾਲੀਆਂ ਦੀ ਖੁਦ ਸਫ਼ਾਈ ਕਰਨੀ ਪੈ ਰਹੀ ਹੈ | ਉਨ੍ਹਾਂ ਦੱਸਿਆ ਕਿ ਮੁਹੱਲੇ 'ਚ ਡੇਅਰੀ ਵੀ ਹੈ | ਜਿਸ ਦੀ ਗੰਦਗੀ ਤੇ ਗੋਬਰ ਨਾਲੀਆਂ ਵਿਚ ਜਾਣ ਕਰਕੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਵਾਰਡ ਨੰਬਰ-10 ਦੀ ਸਫ਼ਾਈ ਕਰਵਾਉਣ ਲਈ ਈ.ਓ. ਗੁਰਦਾਸਪੁਰ ਨੰੂ ਹਦਾਇਤਾਂ ਕੀਤੀਆਂ ਜਾਣ | ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਲੱਗਣ ਤੋਂ ਬਚ ਸਕਣ |