ਫਤਹਿਗੜ੍ਹ ਚੂੜੀਆਂ, 28 ਜਨਵਰੀ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਮੰਜਿਆਂਵਾਲੀ ਦੀ ਬਜ਼ੁਰਗ ਮਾਤਾ ਗਿਆਨ ਕੌਰ ਪਤਨੀ ਗੁਰਨਾਮ ਸਿੰਘ ਨੇ ਆਪਣੇ ਪੁੱਤਰ ਤੇ ਨੂੰ ਹ ਉੱਪਰ ਸਾਮਾਨ ਸਮੇਤ ਘਰੋਂ ਕੱਢਣ ਦੇ ਕਥਿਤ ਦੋਸ਼ ਲਗਾਏ ਹਨ | ਮਾਤਾ ਨੇ ਦੱਸਿਆ ਕਿ ਉਹ ਪੈਨਸ਼ਨ ਲੈਂਦੀ ਹੈ ਤੇ ਉਸ ਦਾ ਪੁੱਤਰ ਜਸਪਾਲ ਸਿੰਘ ਤੇ ਨੂੰ ਹ ਕਸ਼ਮੀਰ ਕੌਰ ਉਸ ਵਲੋਂ ਹੀ ਬਣਾਏ ਹੋਏ ਮਕਾਨ ਵਿਚ ਰਹਿ ਰਹੇ ਹਨ | ਉਸ ਨੇ ਦੱਸਿਆ ਕਿ ਪਿਛਲੇ ਲੰਹੇ ਸਮੇਂ ਤੋਂ ਉਸ ਵਲੋਂ ਦਿੱਤੇ ਜਾਂਦੇ ਪੈਨਸ਼ਨ ਦੇ ਪੈਸੇ ਵਰਤਦੇ ਚਲੇ ਆ ਰਹੇ ਹਨ | ਉਸ ਨੇ ਦੱਸਿਆ ਕਿ ਹੁਣ ਉਸ ਦੇ ਪੁੱਤਰ ਜਸਪਾਲ ਸਿੰਘ ਤੇ ਨੂੰ ਹ ਕਸ਼ਮੀਰ ਕੌਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਤੇ ਘਰੇਲੂ ਸਾਮਾਨ ਬਾਹਰ ਗਲੀ 'ਚ ਰੱਖ ਦਿੱਤਾ ਹੈ ਤੇ ਉਹ ਕਹਿੰਦੇ ਹਨ ਕਿ ਇਥੋਂ ਨਿਕਲ ਜਾ | ਉਸ ਨੇ ਕਿਹਾ ਕਿ ਇਸ ਸਬੰਧੀ ਉਸ ਨੇ ਪੁਲਿਸ ਚੌਕੀ ਕਾਲਾ ਅਫਗਾਨਾ 'ਚ ਦਰਖਾਸਤ ਦਿੱਤੀ ਹੈ, ਪਰ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਨਿਬੜਿਆ | ਇਸ ਸਬੰਧੀ ਜਦੋਂ ਜਸਪਾਲ ਸਿੰਘ ਅਤੇ ਉਸ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਗਿਆਨ ਕੌਰ ਪਿਛਲੇ ਦਿਨਾਂ ਤੋਂ ਉਸ ਦੇ ਦੂਜੇ ਭਰਾ ਵੱਲ ਰਹਿ ਰਹੀ ਹੈ, ਨਾ ਹੀ ਅਸੀਂ ਉਸ ਦੀ ਪੈਨਸ਼ਨ ਦੇ ਪੈਸੇ ਵਰਤ ਰਹੇ ਹਾਂ, ਜਦ ਕਿ ਮਾਤਾ ਅਕਸਰ ਕਈ-ਕਈ ਦਿਨ ਘਰੋਂ ਬਾਹਰ ਉਸ ਦੇ ਭਰਾ ਵੱਲ ਰਹਿੰਦੀ ਹੈ ਤੇ ਜਦੋਂ ਕਦੇ-ਕਦਾਈ ਸਾਡੇ ਘਰ ਫੇਰਾ ਮਾਰਨ ਆਉਂਦੀ ਹੈ ਤਾਂ ਇਥੇ ਪਏ ਆਪਣੇ ਘਰੇਲੂ ਸਾਮਾਨ ਦੀ ਛੇੜਛਾੜ ਦਾ ਇਲਜ਼ਾਮ ਲਾ ਕੇ ਸਾਡੇ ਨਾਲ ਬਾਰ-ਬਾਰ ਕਲੇਸ਼ ਕਰਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਸਿਰਫ ਮਾਤਾ ਨੂੰ ਇਹ ਗੱਲ ਕਹੀ ਹੀ ਹੈ ਕਿ ਜਦੋਂ ਤੂੰ ਦੂਸਰੇ ਭਰਾ ਵੱਲ ਰਹਿ ਰਹੀ ਹੈ ਤਾਂ ਆਪਣਾ ਸਾਮਾਨ ਵੀ ਉਥੇ ਲਿਜਾ ਕੇ ਸੰਭਾਲ ਕੇ ਰੱਖ ਲੈ | ਉਨ੍ਹਾਂ ਕਿਹਾ ਕਿ ਮਾਤਾ ਵਲੋਂ ਚੌਕੀ ਵਿਚ ਸਾਡੇ ਖਿਲਾਫ਼ ਇਤਲਾਹ ਦਿੱਤੀ ਹੈ, ਜਦ ਕਿ ਸਾਡਾ ਇਸ ਵਿਚ ਕੋਈ ਕਸੂਰ ਨਹੀਂ ਹੈ, ਜਿਸ ਸਬੰਧੀ ਪਿੰਡ ਵਾਸੀ ਤੇ ਨੇੜਲੇ ਘਰਾਂ ਦੇ ਲੋਕ ਭਲੀਭਾਂਤ ਜਾਣੂ ਹਨ | ਉਨ੍ਹਾਂ ਕਿਹਾ ਕਿ ਸੰਬੰਧਿਤ ਪੁਲਿਸ ਮਾਮਲੇ ਦੀ ਛਾਣਬੀਣ ਕਰ ਕੇ ਸਾਨੂੰ ਇਨਸਾਫ ਦੇਵੇ |