ਪਠਾਨਕੋਟ, 30 ਜਨਵਰੀ (ਆਸ਼ੀਸ਼ ਸ਼ਰਮਾ)-ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ: ਰਮਨ ਖੰਨਾ ਦੇ ਦਿਸ਼ਾਨਿਰਦੇਸ਼ਾਂ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ: ਹਰਿੰਦਰ ਦੀ ਅਗਵਾਈ ਹੇਠ ਐਸ.ਡੀ. ਸਕੂਲ ਪਠਾਨਕੋਟ ਵਿਖੇ ਪੰਜਵਾਂ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ | ਜਿਸ 'ਚ ਆਯੂਸ਼ ਵਿਭਾਗ ਦੀ ਤਜਰਬੇਕਾਰ ਮੈਡੀਕਲ ਟੀਮ ਨੇ ਕੈਂਪ 'ਚ ਸੇਵਾਵਾਂ ਪ੍ਰਦਾਨ ਕੀਤੀਆਂ ਜਿਸ ਦਾ ਵੱਡੀ ਗਿਣਤੀ 'ਚ ਲੋਕਾਂ ਨੇ ਲਾਭ ਲਿਆ | ਕੈਂਪ ਦੌਰਾਨ ਕੁੱਲ 732 ਮਰੀਜ਼ਾਂ ਦੀ ਜਾਂਚ ਕੀਤੀ ਤੇ ਦਵਾਈਆਂ ਵੰਡੀਆਂ ਗਈਆਂ | ਕੈਂਪ 'ਚ ਆਯੁਰਵੈਦਿਕ ਡਾ: ਮਾਲਤੀ ਰਾਣਾ, ਡਾ: ਮੰਜੂ ਤੇ ਡਾ: ਪੰਕਜ ਸਿੰਘ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਤੇ ਮਰੀਜ਼ਾਂ ਨੂੰ ਮਾਰਮਾ ਥੈਰੇਪੀ ਦੇ ਸਿਹਤ ਸਬੰਧੀ ਸਲਾਹ ਵੀ ਦਿੱਤੀ ਗਈ | ਉਨ੍ਹਾਂ ਮਰੀਜ਼ਾਂ ਨੂੰ ਆਪਣਾ ਨਿਯਮਿਤ ਜਾਂਚ ਕਰਵਾਉਣ ਲਈ ਵੀ ਕਿਹਾ | ਇਸ ਮੌਕੇ ਆਯੁਰਵੈਦਿਕ ਫਾਰਮਾਸਿਸਟ ਸੰਦੀਪ, ਅਭਿਸ਼ੇਕ ਤੇ ਸਿਮਰਜੀਤ ਵਲੋਂ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ | ਕੈਂਪ 'ਚ ਲੋਕਾਂ ਨੂੰ ਆਯੂਸ਼ ਅਭਿਆਸਾਂ, ਹੋਮਿਓਪੈਥੀ, ਆਯੁਰਵੇਦ ਤੇ ਯੋਗਾ ਬਾਰੇ ਜਾਗਰੂਕ ਕੀਤਾ | ਆਯੂਸ਼ ਵਿਭਾਗ ਵਲੋਂ ਲੋੜਵੰਦ ਨਿਵਾਸੀਆਂ ਨੂੰ ਮੁਫ਼ਤ ਤੇ ਮਿਆਰੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸਮੇਂ-ਸਮੇਂ 'ਤੇ ਅਜਿਹੇ ਸਿਹਤ ਕੈਂਪ ਅੱਗੇ ਵੀ ਜਾਰੀ ਰਹਿਣਗੇ |