ਪਠਾਨਕੋਟ, 2 ਫਰਵਰੀ (ਵਿਨੋਦ)-ਨਾਰਥ ਰੇਲਵੇ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਵਲੋਂ ਬੁਲਾਈ ਗਈ ਏ.ਜੀ.ਐਮ. ਵਿਚ ਲਏ ਗਏ ਫ਼ੈਸਲੇ ਅਨੁਸਾਰ ਪੂਰੇ ਭਾਰਤ 'ਚ ਇਕ ਆਲ ਇੰਡੀਆ ਡਿਮਾਂਡ ਡੇਅ ਦਾ ਆਯੋਜਨ ਕੀਤਾ ਗਿਆ | ਇਸ ਸਬੰਧ 'ਚ ਪਠਾਨਕੋਟ ਸ਼ਾਖਾ ਨੇ ਸ਼ਾਖਾ ਪ੍ਰਧਾਨ ਕਾਮਰੇਡ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਦੇ ਬਾਹਰ ਇਕ ਗੇਟ ਮੀਟਿੰਗ ਤੇ ਪ੍ਰਦਰਸ਼ਨ ਕੀਤਾ | ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਾਖਾ ਸਕੱਤਰ ਕਾਮਰੇਡ ਲਖਬੀਰ ਸਿੰਘ, ਜਿਨ੍ਹਾਂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ, ਨੇ ਮੁੱਖ ਮੰਗਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ | ਰਨਿੰਗ ਸਟਾਫ਼ ਨੂੰ ਕਿੱਲੋਮੀਟਰ ਭੱਤੇ ਦੀ ਅਦਾਇਗੀ ਤੇ 70 ਫੀਸਦੀ ਆਮਦਨ ਟੈਕਸ ਤੋਂ ਛੋਟ, 1 ਨਵੰਬਰ 2023 ਤੋਂ ਪ੍ਰਭਾਵੀ ਕੇਡਰ ਪੁਨਰਗਠਨ, 1 ਜਨਵਰੀ 2026 ਤੋਂ ਪ੍ਰਭਾਵੀ ਅੱਠਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ, ਬੋਨਸ ਸੀਮਾ ਨੂੰ ਹਟਾਉਣਾ ਤੇ ਖ਼ਾਲੀ ਸੁਰੱਖਿਆ ਅਹੁਦਿਆਂ ਨੂੰ ਤੁਰੰਤ ਭਰਨਾ | ਸਹਾਇਕ ਬੋਰਡ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ ਨੇ ਮੁੱਖ ਮੰਗਾਂ 'ਤੇ ਚਰਚਾ ਕੀਤੀ ਅਤੇ ਬਜਟ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਬਜਟ ਮੱਧ ਵਰਗ ਲਈ ਨਹੀਂ ਹੈ | ਉਨ੍ਹਾਂ ਨੇ ਆਮਦਨ ਟੈਕਸ ਸਲੈਬਾਂ ਵਿਚ ਵਾਧੇ ਦੀ ਘਾਟ 'ਤੇ ਚਿੰਤਾ ਪ੍ਰਗਟ ਕੀਤੀ | ਇਸ ਮੌਕੇ ਸ਼ਾਖਾ ਦੇ ਖ਼ਜ਼ਾਨਚੀ ਯਸ਼ਪਾਲ ਸਿੰਘ, ਤਰਸੇਮ ਲਾਲ, ਰਾਜ ਕੁਮਾਰ, ਮਨਮੋਹਨ ਸਿੰਘ, ਰਾਜਿੰਦਰ ਸੈਣੀ, ਰਵੀ ਕੁਮਾਰ, ਈਸ਼ੂ ਬਾਲਾ ਨੇ ਵੀ ਸੰਬੋਧਨ ਕੀਤਾ ਤੇ ਮੰਗਾਂ ਦੇ ਜਲਦ ਹੱਲ ਦੀ ਅਪੀਲ ਕੀਤੀ |