ਤਾਰਾਗੜ੍ਹ, 3 ਫਰਵਰੀ (ਸੋਹਨ ਲਾਲ)-ਤਾਰਾਗੜ੍ਹ ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਦੀ ਅਗਵਾਈ ਹੇਠ ਕਸਬਾ ਤਾਰਾਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ 'ਵਿਕਸਿਤ ਭਾਰਤ ਸ੍ਰੀ ਰਾਮ ਜੀ ਯੋਜਨਾ' ਤਹਿਤ ਇਕ ਵਿਸ਼ਾਲ ਇਕੱਠ ਕੀਤਾ ਗਿਆ | ਜਿਸ ਵਿਚ ਮੁੱਖ ਤੌਰ 'ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸੈਕਟਰੀ ਪੰਜਾਬ ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸ਼ਰਮਾ, ਰਾਕੇਸ਼ ਸ਼ਰਮਾ ਸਕੱਤਰ ਪੰਜਾਬ, ਬਾਬਾ ਗਣੇਸ਼ਵਰ ਸਿੰਘ ਤੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਸ਼ਾਮਿਲ ਹੋਏ | ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਨੇ ਆਏ ਹੋਏ ਬੀ.ਜੇ.ਪੀ. ਦੇ ਆਗੂਆਂ ਤੇ ਵਰਕਰਾਂ ਦਾ ਸਵਾਗਤ ਕੀਤਾ | ਇਸ ਮੌਕੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚ ਬੀ.ਜੇ.ਪੀ. ਦੀ ਸਰਕਾਰ ਬਣਨਾ ਤਹਿ ਹੈ, ਕਿਉਂਕਿ ਲੋਕਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਬਹੁਤ ਭਲੀ ਭਾਂਤੀ ਦੇਖ ਲਿਆ ਹੈ | ਇਸ ਮੌਕੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਖ਼ੁਸ਼ਹਾਲੀ ਲਈ ਪੰਜਾਬ 'ਚ ਬੀ.ਜੇ.ਪੀ. ਦੀ ਸਰਕਾਰ ਬਣਾਉਣਾ ਬਹੁਤ ਹੀ ਜ਼ਰੂਰੀ ਹੈ | ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਬੀ.ਜੇ.ਪੀ. ਨੂੰ ਵੋਟਾਂ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਹਨ | ਇਲਾਕੇ 'ਚ ਨਾਜਾਇਜ਼ ਮਾਈਨਿੰਗ ਪੂਰੇ ਜ਼ੋਰਾਂ 'ਤੇ ਹੋ ਰਹੀ ਹੈ | ਮਾਈਨਿੰਗ ਮਾਫ਼ੀਆ ਪੂਰੀ ਰਾਤ ਬੇਖ਼ੌਫ ਮਾਈਨਿੰਗ ਕਰਦਾ ਹੈ, ਬਿਨ੍ਹਾਂ ਕਿਸੇ ਡਰ ਤੋਂ, ਇੰਝ ਲੱਗਦਾ ਹੈ ਸਰਕਾਰ ਤੇ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਹੋਇਆ ਹੈ | ਇਸ ਮੌਕੇ ਸਕੱਤਰ ਪੰਜਾਬ ਬੀ.ਜੇ.ਪੀ. ਰਕੇਸ਼ ਸ਼ਰਮਾ, ਜ਼ਿਲ੍ਹਾ ਜਨਰਲ ਸੈਕਟਰੀ ਰਾਜ ਕੁਮਾਰ, ਜ਼ਿਲ੍ਹਾ ਸੈਕਟਰੀ ਗਜਿੰਦਰ ਸਿੰਘ, ਪ੍ਰਧਾਨ ਐਸ.ਸੀ. ਮੋਰਚਾ ਰਾਜੇਸ਼ ਕੁਮਾਰ ਬੈਰਮਪੁਰ, ਵਿਸ਼ਾਲ ਰਿੰਕੂ, ਸੁਰਿੰਦਰ ਬਕਨੌਰ, ਰਾਕੇਸ਼ ਮਾਜਰਾ, ਸੁਰੇਸ਼ ਸਲਾਰੀਆ, ਰਮਣੀਤ ਮਹਾਜਨ, ਰਵੀ ਕੁਮਾਰ, ਕਰਨੈਲ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |