ਪਠਾਨਕੋਟ, 3 ਫਰਵਰੀ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਨਾਲ ਸਬੰਧਿਤ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਲਈ ਡੇਅਰੀ ਸਿਖਲਾਈ ਕੋਰਸ 9 ਫਰਵਰੀ ਤੋਂ 20 ਫਰਵਰੀ ਤੱਕ ਦਫ਼ਤਰ ਜ਼ਿਲ੍ਹਾ ਰੁਜ਼ਗਾਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ, ਜ਼ਿਲ੍ਹਾ ਪਠਾਨਕੋਟ ਵਿਖੇ ਚਲਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਠਾਨਕੋਟ ਕਸ਼ਮੀਰ ਸਿੰਘ ਨੇ ਦੱਸਿਆ ਕਿ ਖੇਤੀ 'ਚ ਵਿਭਿੰਨਤਾ ਲਿਆਉਣ ਤੇ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ 2 ਹਫ਼ਤੇ ਦੀ ਡੇਅਰੀ ਸਿਖਲਾਈ ਕਰਵਾਈ ਜਾਣੀ ਹੈ | ਸਿਖਲਾਈ ਕੋਰਸ 'ਚ ਜ਼ਿਲ੍ਹਾ ਪਠਾਨਕੋਟ ਨਾਲ ਸਬੰਧਿਤ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਜੋ ਘੱਟੋ-ਘੱਟ 5ਵੀਂ ਪਾਸ ਹੋਣ, ਉਮਰ 18 ਤੋਂ 55 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਿਤ ਹੋਣ, ਇਸ ਸਿਖਲਾਈ 'ਚ ਭਾਗ ਲੈ ਸਕਦੇ ਹਨ | ਸਿਖਲਾਈ ਦੀ ਫ਼ੀਸ ਜਨਰਲ ਜਾਤੀ ਲਈ 1000/- ਰੁਪਏ ਤੇ ਅਨੁਸੂਚਿਤ ਜਾਤੀ ਲਈ 750/- ਰੁਪਏ ਹੈ, ਜੋ ਕਿ ਮਿਤੀ 9 ਫਰਵਰੀ ਨੂੰ ਮੌਕੇ 'ਤੇ ਹੀ ਜਮ੍ਹਾਂ ਕਰਵਾਈ ਜਾਵੇਗੀ ਤੇ 2 ਹਫ਼ਤੇ ਦੀ ਸਫਲਤਾ ਪੂਰਵਕ ਸਿਖਲਾਈ ਲੈਣ ਉਪਰੰਤ ਸਿੱਖਿਆਰਥੀਆਂ ਨੂੰ ਵਿਭਾਗ ਵਲੋਂ ਇਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜਿਸ ਅਨੁਸਾਰ ਵੱਖ-ਵੱਖ ਬੈਂਕਾਂ ਤੋਂ ਡੇਅਰੀ ਕਰਜ਼ੇ ਦੀ ਸੁਵਿਧਾ ਰਾਹੀਂ 2, 5, 10 ਤੇ 20 ਦੁਧਾਰੂ ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਤ ਕਰਕੇ 25 ਫੀਸਦੀ ਜਨਰਲ ਤੇ 33 ਫੀਸਦੀ ਅਨੁਸੂਚਿਤ ਜਾਤੀ ਲਈ ਸਬਸਿਡੀ ਪ੍ਰਾਪਤ ਕਰ ਸਕਣਗੇ | ਇਸ ਸਬੰਧੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਠਾਨਕੋਟ ਵਿਖੇ ਟਰੇਨਿੰਗ ਲੈਣ ਦੇ ਚਾਹਵਾਨ ਲੜਕੇ/ਲੜਕੀਆਂ ਆਪਣੇ ਅਸਲ ਯੋਗਤਾ ਸਰਟੀਫਿਕੇਟ, ਪਾਸਪੋਰਟ ਸਾਈਜ਼ ਫ਼ੋਟੋ, ਆਧਾਰ ਕਾਰਡ, ਪੈਨ ਕਾਰਡ ਲੈ ਕੇ ਮਿਤੀ 6 ਫਰਵਰੀ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ, ਦੂਜੀ ਮੰਜ਼ਿਲ, ਕਮਰਾ ਨੰ: 345-ਏ ਵਿਖੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ |