ਧਾਰੀਵਾਲ, 3 ਫਰਵਰੀ (ਸਵਰਨ ਸਿੰਘ)-ਇਥੋਂ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਜਾਪੂਵਾਲ ਗੁਰਦੁਆਰਾ ਸਾਹਿਬ ਨੇੜੇ ਮੋਟਰਸਾਈਕਲ ਅਤੇ ਕਾਰ ਦੀ ਹੋਈ ਟੱਕਰ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ | ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਦਾਖਲ ਕਰਵਾਇਆ | ਇਸ ਦੌਰਾਨ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਿਆ ਤੇ ਕਾਰ ਵੀ ਸੜ੍ਹਕ ਕਿਨ੍ਹਾਰੇ ਪੂਰੀ ਤਰ੍ਹਾਂ ਪਲਟੀ ਗਈ | ਗੰਭੀਰ ਰੂਪ ਵਿਚ ਜ਼ਖ਼ਮੀ ਮੋਟਰਸਾਈਕਲ ਸਵਾਰ ਅਜੈ ਮਸੀਹ ਵਾਸੀ ਹਕੀਮਪੁਰ ਅਤੇ ਦੂਸਰਾ ਨੌਜਵਾਨ ਅਜੇ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਸ਼ਕਰੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਗੁਰਦਾਸਪੁਰ ਤੋਂ ਧਾਰੀਵਾਲ ਵੱਲ ਆ ਰਹੇ ਸਨ, ਪਰ ਜਦੋਂ ਇਹ ਗੁਰਦੁਆਰਾ ਜਾਪੂਵਾਲ ਨਜਦੀਕ ਪੁੱਜੇ ਤਾਂ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੀ ਕਾਰ ਨੇ ਪਿੱਛੋਂ ਟੱਕਰ ਮਾਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਥਾਣਾ ਧਾਰੀਵਾਲ ਦੇ ਪੁਲਿਸ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ |