ਪਠਾਨਕੋਟ, 4 ਫਰਵਰੀ (ਸੰਧੂ)-ਪਠਾਨਕੋਟ ਵਪਾਰ ਮੰਡਲ ਨੇ ਪਠਾਨਕੋਟ ਵਿਚ ਲਗਾਤਾਰ ਵੱਧ ਰਹੇ ਬਿਜਲੀ ਸੰਕਟ ਤੇ ਅਣਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਮਨਿੰਦਰ ਸਿੰਘ ਲੱਕੀ ਦੀ ਅਗਵਾਈ ਵਿਚ ਪਠਾਨਕੋਟ ਵਪਾਰ ਮੰਡਲ ਦੇ ਇਕ ਉੱਚ ਪੱਧਰੀ ਵਫ਼ਦ ਨੇ ਪਾਵਰਕਾਮ ਦੇ ਐਕਸੀਅਨ ਜਸਵਿੰਦਰ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੀਟਿੰਗ ਕੀਤੀ | ਮੀਟਿੰਗ ਦੌਰਾਨ ਪ੍ਰਧਾਨ ਮਨਿੰਦਰ ਸਿੰਘ ਲੱਕੀ ਨੇ ਕਿਹਾ ਕਿ ਸ਼ਹਿਰ 'ਚ ਖ਼ਾਸ ਕਰਕੇ ਉਦਯੋਗਿਕ ਖੇਤਰ ਵਿਚ ਬਿਨ੍ਹਾਂ ਕਿਸੇ ਸੂਚਨਾ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ | ਬਿਜਲੀ ਬੰਦ ਹੋਣ ਕਾਰਨ ਫ਼ੈਕਟਰੀ ਦੀਆਂ ਮਸ਼ੀਨਾਂ ਅਚਾਨਕ ਬੰਦ ਹੋ ਜਾਂਦੀਆਂ ਹਨ | ਜਿਸ ਨਾਲ ਨਾ ਸਿਰਫ਼ ਉਤਪਾਦਨ ਰੁਕ ਜਾਂਦਾ ਹੈ, ਸਗੋਂ ਮਸ਼ੀਨਰੀ ਦੇ ਨੁਕਸਾਨ ਤੇ ਕੱਚੇ ਮਾਲ ਦੇ ਨੁਕਸਾਨ ਦਾ ਖ਼ਤਰਾ ਵੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਵਪਾਰੀ ਹੁਣੇ ਹੀ ਕੋਵਿਡ-19 ਮਹਾਂਮਾਰੀ ਤੋਂ ਉੱਭਰ ਰਹੇ ਸਨ | ਪਰ ਇਸ ਬਿਜਲੀ ਸੰਕਟ ਨੇ ਹੁਣ ਉਨ੍ਹਾਂ ਦੇ ਕਾਰੋਬਾਰਾਂ ਨੂੰ ਢਾਹ ਲਾਈ ਹੈ | ਵਪਾਰੀਆਂ ਦੀਆਂ ਚਿੰਤਾਵਾਂ ਸੁਣਨ ਤੋਂ ਬਾਅਦ ਐਕਸੀਅਨ ਜਸਵਿੰਦਰ ਸਿੰਘ ਨੇ ਵਫ਼ਦ ਨਾਲ ਸਕਾਰਾਤਮਿਕ ਚਰਚਾ ਕੀਤੀ | ਉਨ੍ਹਾਂ ਮੰਨਿਆ ਕਿ ਵਧੇ ਹੋਏ ਲੋਡ ਅਤੇ ਤਕਨੀਕੀ ਮੁੱਦਿਆਂ ਕਾਰਨ ਕੁਝ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ | ਉਨ੍ਹਾਂ ਕਿਹਾ ਕਿ ਵਿਭਾਗ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਅਤੇ ਸ਼ਹਿਰ ਲਈ ਨਵੇਂ ਪਾਵਰ ਫੀਡਰ ਲਗਾਏ ਜਾ ਰਹੇ ਹਨ | ਇਨ੍ਹਾਂ ਫੀਡਰਾਂ 'ਤੇ ਕੰਮ ਆਖ਼ਰੀ ਪੜਾਅ 'ਤੇ ਹੈ ਅਤੇ ਇਹ 31 ਮਾਰਚ ਤੱਕ ਪੂਰੀ ਤਰ੍ਹਾਂ ਚਾਲੂ ਹੋ ਜਾਣਗੇ | ਇਸ ਮੌਕੇ ਪਠਾਨਕੋਟ ਵਪਾਰ ਮੰਡਲ ਦੇ ਚੇਅਰਮੈਨ ਅਨਿਲ ਮਹਾਜਨ ਅਤੇ ਵਾਈਸ ਚੇਅਰਮੈਨ ਵਿਪਨ ਮਹਾਜਨ ਵੀ ਮੌਜੂਦ ਸਨ |