16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨਰੋਟ ਜੈਮਲ ਸਿੰਘ ਆਰਾਮ ਘਰ 'ਚ ਪੀਣ ਵਾਲੇ ਪਾਣੀ ਦੀ ਸੁਵਿਧਾ ਬਿਲਕੁਲ ਨਹੀਂ

Ad Position 21
No active advertisement
ਅਜੀਤ ਡੈਸਕ 05-02-2026
ਨਰੋਟ ਜੈਮਲ ਸਿੰਘ, 4 ਫਰਵਰੀ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਕਸਬਾ ਨਰੋਟ ਜੈਮਲ ਸਿੰਘ ਜਿਸ ਵਿਚ ਸਬ ਤਹਿਸੀਲ, ਨਗਰ ਪੰਚਾਇਤ, ਕਮਿਊਨਿਟੀ ਹੈਲਥ ਸੈਂਟਰ, ਪੀ.ਡਬਲਯੂ.ਡੀ. ਵਲੋਂ ਬਣਾਇਆ ਗਿਆ ਰੈਸਟ ਹਾਊਸ ਤੇ ਹੋਰ ਕਈ ਨਿੱਕੇ ਵੱਡੇ ਸਰਕਾਰੀ ਦਫ਼ਤਰ ਹਨ | ਪਰ ਸਬ ਤਹਿਸੀਲ ਦੇ ਨਾਲ ਸਥਿਤ ਪੀ.ਡਬਲਯੂ.ਡੀ. ਵਲੋਂ ਬਣਾਇਆ ਗਿਆ ਰੈਸਟ ਹਾਊਸ ਜਿਸ 'ਚ ਨਾ ਤਾਂ ਕੋਈ ਬਿਜਲੀ ਦੀ ਸੁਵਿਧਾ ਹੈ ਤੇ ਨਾ ਹੀ ਪੀਣ ਵਾਲੇ ਪਾਣੀ ਦੀ ਜੋ ਕਿ ਆਰਾਮ ਘਰ ਵਿਚ ਬਹੁਤ ਹੀ ਜ਼ਰੂਰੀ ਹਨ | ਜਾਣਕਾਰੀ ਅਨੁਸਾਰ ਇਹ ਰੈਸਟ ਹਾਊਸ ਕਾਫ਼ੀ ਸਮਾਂ ਪਹਿਲੇ ਬਣਿਆ ਹੋਇਆ ਹੈ | ਪਰ ਇਸ 'ਚ ਪੀਣ ਵਾਲੇ ਪਾਣੀ ਦਾ ਬਿਲਕੁਲ ਪ੍ਰਬੰਧ ਨਹੀਂ ਜੋ ਕਿ ਬਹੁਤ ਹੀ ਲੋੜੀਂਦਾ ਹੈ, ਕਿਉਂਕਿ ਆਰਾਮ ਘਰ 'ਚ ਆਏ ਦਿਨ ਪ੍ਰਸ਼ਾਸਨਿਕ ਅਧਿਕਾਰੀ ਤੇ ਸਿਆਸਤਦਾਨ ਵਿਅਕਤੀਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ | ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਆਰਾਮ ਘਰ 'ਚ ਦੋਵੇਂ ਚੀਜ਼ਾਂ ਜੋ ਕਿ ਬਹੁਤ ਜ਼ਰੂਰੀ ਹਨ, ਦਾ ਪ੍ਰਬੰਧ ਨਹੀਂ | ਇਹ ਆਰਾਮ ਘਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ | ਮੌਜੂਦਾ ਸਰਕਾਰ ਦੇ ਕਈ ਨੁਮਾਇੰਦੇ ਆ ਕੇ ਇੱਥੇ ਮੀਟਿੰਗਾਂ ਕਰਦੇ ਹਨ | ਪਰ ਸਭ ਕੁਝ ਦੇਖਦੇ ਹੋਏ ਵੀ ਇਸ ਨੂੰ ਅਣਦੇਖਾ ਕਰਦੇ ਹਨ | ਜਿਸ ਕਰਕੇ ਇਸ ਆਰਾਮ ਘਰ ਵਿਚ ਪਾਣੀ ਅਤੇ ਬਿਜਲੀ ਦਾ ਪ੍ਰਬੰਧ ਅਜੇ ਤੱਕ ਨਹੀਂ ਹੋ ਸਕਿਆ | ਜਿਸ ਕਾਰਨ ਇਹ ਬਿਲਡਿੰਗ ਖੰਡਰ ਰੂਪੀ ਬਣ ਚੁੱਕੀ ਹੈ | ਪਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਦੀ ਕੋਈ ਦੇਖਭਾਲ ਨਹੀਂ ਕੀਤੀ ਜਾ ਰਹੀ | ਜਿਸ ਕਰਕੇ ਇਸ ਦੇ ਆਲੇ ਦੁਆਲੇ ਉੱਗੀ ਹੋਈ ਜੜ੍ਹੀ ਬੂਟੀ ਇਹ ਦਰਸਾਉਂਦੀ ਹੈ ਕਿ ਜਿਵੇਂ ਜੰਗਲ 'ਚ ਕੋਈ ਬਿਨ੍ਹਾਂ ਰਿਹਾਇਸ਼ੀ ਘਰ ਹੋਵੇ | ਜੇਕਰ ਗੱਲ ਕਰੀਏ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਰੈਸਟ ਹਾਊਸ ਵਿਖੇ ਪੀਣ ਵਾਲੇ ਪਾਣੀ ਦਾ ਕਾਫ਼ੀ ਵੱਡਾ ਬੋਰ ਕਰਨ ਤੋਂ ਬਾਅਦ ਪਾਣੀ ਵਾਲੀ ਟੈਂਕੀ ਦਾ ਕੰਮ ਚੱਲ ਰਿਹਾ ਹੈ | ਪਰ ਠੇਕੇਦਾਰਾਂ ਵਲੋਂ ਇਸ ਨੂੰ ਬਣਾਉਣ ਲਈ ਘਟੀਆ ਸਮੱਗਰੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ | ਅਧਿਕਾਰੀਆਂ ਦੀ ਅਣਦੇਖੀ ਦੇ ਕਾਰਨ ਰੈਸਟ ਹਾਊਸ ਦੇ ਪਿਛਲੇ ਪਾਸੇ ਜੰਗਲ ਦਾ ਰੂਪ ਧਾਰਨ ਕਰ ਰਹੀ ਹੈ ਨਾਜਾਇਜ਼ ਜੜ੍ਹੀ ਬੂਟੀ | ਪ੍ਰਸ਼ਾਸਨਿਕ ਅਧਿਕਾਰੀ ਸਭ ਕੁੱਝ ਦੇਖਦੇ ਹੋਏ ਵੀ ਕੁੰਭ ਕਰਨੀ ਨੀਂਦ ਸੌਂ ਰਹੇ ਹਨ | ਇਸ ਸੰਬੰਧ 'ਚ ਪੀ.ਡਬਲਯੂ.ਡੀ. ਦੇ ਐਸ.ਡੀ.ਓ. ਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲੇ ਉਨ੍ਹਾਂ ਦੀ ਇੱਥੇ ਬਦਲੀ ਹੋਈ ਹੈ | ਇਹ ਰੈਸਟ ਹਾਊਸ ਬਹੁਤ ਪੁਰਾਣਾ ਬਣਿਆ ਹੋਇਆ ਹੈ ਤੇ ਰੈਸਟ ਹਾਊਸ ਨੂੰ ਮੁਰੰਮਤ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਰਾਹੀਂ ਜਲਦ ਹੀ ਐਸਟੀਮੇਟ ਬਣਾ ਕੇ ਭੇਜਿਆ ਜਾਵੇਗਾ | ਰੈਸਟ ਹਾਊਸ ਦੀ ਬਿਲਡਿੰਗ ਵਿਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਤੇ ਰੈਸਟ ਹਾਊਸ ਦੇ ਕਮਰੇ ਰਸੋਈ ਤੇ ਪਖਾਨੇ ਵਰਤਣਯੋਗ ਨਹੀਂ ਹਨ | ਜਿਸ ਕਰਕੇ ਰੈਸਟ ਹਾਊਸ ਨੂੰ ਬੰਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਪਹਿਲੇ ਅਧਿਕਾਰੀਆਂ ਨੇ ਪੀਣ ਵਾਲੇ ਪਾਣੀ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਸੀ | ਜਿਸ ਦਾ ਰੈਸਟ ਹਾਊਸ ਦੇ ਨਜ਼ਦੀਕੀ ਪੀਣ ਵਾਲੇ ਪਾਣੀ ਦਾ ਬੋਰ ਹੋ ਚੁੱਕਾ ਹੈ ਤੇ ਟੈਂਕੀ ਦਾ ਕੰਮ ਮੁਕੰਮਲ ਹੁੰਦਿਆਂ ਹੀ ਪਾਣੀ ਦੀ ਸੁਵਿਧਾ ਮਿਲ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਉੱਤਰੀ ਮੰਡਲ ਪਠਾਨਕੋਟ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਪਠਾਨਕੋਟ ਵਪਾਰ ਮੰਡਲ ਦਾ ਵਫ਼ਦ ਅਣਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਵਿਭਾਗ ਦੇ ਅਧਿਕਾਰੀ ਨੂੰ ਮਿਲਿਆ
Ad Position 24