ਗੁਰਦਾਸਪੁਰ, 5 ਫਰਵਰੀ (ਪੰਕਜ ਸ਼ਰਮਾ)-ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਦੀ ਅਗਵਾਈ ਹੇਠ ਹਨੂੰਮਾਨ ਚੌਕ ਵਿਖੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਨਾ ਸਿਰਫ਼ ਇਕ ਜਨਤਕ ਪ੍ਰਤੀਨਿਧੀ ਦਾ ਅਪਮਾਨ ਕਰਦਾ ਹੈ, ਸਗੋਂ ਸਮੁੱਚੇ ਸਿੱਖ ਭਾਈਚਾਰੇ ਦੇ ਸਨਮਾਨ, ਸਵੈਮਾਣ ਤੇ ਕੁਰਬਾਨੀ ਦੀ ਪਰੰਪਰਾ 'ਤੇ ਵੀ ਸਿੱਧਾ ਹਮਲਾ ਕਰਦਾ ਹੈ | ਸਿੱਖ ਭਾਈਚਾਰੇ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਆਪਣੀਆਂ ਸਰਹੱਦਾਂ ਦੀ ਰੱਖਿਆ ਤੱਕ ਮਹਾਨ ਕੁਰਬਾਨੀਆਂ ਦਿੱਤੀਆਂ ਹਨ | ਅਜਿਹੇ ਭਾਈਚਾਰੇ ਨੂੰ ਦੇਸ਼-ਧੋ੍ਰਹੀ ਕਹਿਣ ਦੀ ਹਿੰਮਤ ਰਾਹੁਲ ਗਾਂਧੀ ਦੀ ਮਾੜੀ ਸੋਚ ਤੇ ਕਾਂਗਰਸ ਪਾਰਟੀ ਦੀ ਦੇਸ਼ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ | ਰਾਹੁਲ ਗਾਂਧੀ ਦੀ ਰਾਜਨੀਤੀ ਹਮੇਸ਼ਾ ਸਮਾਜ ਨੂੰ ਵੰਡਣ, ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਨ ਅਤੇ ਦੇਸ਼ ਭਗਤਾਂ ਦਾ ਅਪਮਾਨ ਕਰਨ 'ਤੇ ਅਧਾਰਿਤ ਰਹੀ ਹੈ | ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਵਰਗੇ ਰਾਸ਼ਟਰਵਾਦੀ ਆਗੂਆਂ ਜੋ ਦੇਸ਼ ਤੇ ਸੰਵਿਧਾਨ ਪ੍ਰਤੀ ਪੂਰੀ ਵਫ਼ਾਦਾਰੀ ਦਾ ਦਾਅਵਾ ਕਰਦੇ ਹਨ, ਨੂੰ ਦੇਸ਼-ਧੋ੍ਰਹੀ ਕਹਿਣਾ ਸਮੁੱਚੇ ਸਿੱਖ ਭਾਈਚਾਰੇ ਅਤੇ ਦੇਸ਼ ਵਾਸੀਆਂ ਦਾ ਅਪਮਾਨ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਾਂਗਰਸ ਪਾਰਟੀ ਦਾ ਵਜੂਦ ਖਤਮ ਹੋ ਰਿਹਾ ਹੈ, ਰਾਹੁਲ ਗਾਂਧੀ ਇਸ ਤੋਂ ਨਿਰਾਸ਼ ਹਨ ਅਤੇ ਇਕ ਦੂਜੇ 'ਤੇ ਦੋਸ਼ ਲਗਾ ਰਹੇ ਹਨ |