ਤਿੱਬੜ, 6 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਅੰਦਰ ਮੈਡੀਕਲ ਸਟੋਰਾਂ 'ਤੇ ਹੋ ਰਹੀਆਂ ਬੇਨਿਯਮੀਆਂ ਜਿਨ੍ਹਾਂ ਬਾਰੇ ਵਿਭਾਗ ਸਭ ਕੁਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਡਰੱਗਜ਼ ਅਤੇ ਕਾਸਮੈਟਿਕਸ ਐਕਟ-1940 ਤਹਿਤ ਪੰਜਾਬ ਅੰਦਰ ਹਜ਼ਾਰਾਂ ਮੈਡੀਕਲ ਸਟੋਰ ਰਜਿਸਟਰਡ ਹਨ | ਫਾਰਮੇਸੀ ਐਕਟ 1948 ਤਹਿਤ ਫਾਰਮਾਸਿਸਟ ਦੀ ਰਜਿਸਟਰੇਸ਼ਨ ਹੋਣੀ ਜ਼ਰੂਰੀ ਹੁੰਦੀ ਹੈ | ਪੰਜਾਬ ਦੇ ਬਹੁਤ ਸਾਰੇ ਪਿੰਡਾਂ ਅਤੇ ਕਸਬਿਆਂ ਵਿਚ ਅਣਰਜਿਸਟਰਡ ਸਟੋਰ ਖੁੱਲ੍ਹੇ ਹੋਏ ਹਨ ਜੋ ਨਿਰਧਾਰਿਤ ਨਿਯਮਾਂ ਦੇ ਵਿਰੁੱਧ ਦਵਾਈਆਂ ਵੇਚ ਰਹੇ ਹਨ, ਜਿਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਹੈ | ਜਦੋਂ ਕਿ ਸਰਕਾਰ ਵਲੋਂ ਰਜਿਸਟਰਡ ਸਟੋਰਾਂ 'ਤੇ ਕਈ ਊਣਤਾਈਆਂ ਦੇਖਣ ਨੰੂ ਮਿਲ ਰਹੀਆਂ ਹਨ | ਲਾਇਸੈਂਸਡ ਫਾਰਮਾਸਿਸਟ ਦਾ ਸਟੋਰ 'ਤੇ ਮੌਜੂਦ ਹੋਣਾ ਲਾਜ਼ਮੀ ਹੈ | ਪਰ ਹਕੀਕਤ ਵਿਚ ਅਜਿਹਾ ਨਹੀਂ ਹੁੰਦਾ | ਬਹੁਤ ਸਾਰੇ ਰਜਿਸਟਰਡ ਫਾਰਮਾਸਿਸਟਾਂ ਨੇ ਆਪਣੇ ਲਾਇਸੈਂਸ ਕਿਰਾਏ 'ਤੇ ਦਿੱਤੇ ਹੁੰਦੇ ਹਨ | ਮੈਡੀਕਲ ਸਟੋਰ 'ਤੇ ਸਰਟੀਫਿਕੇਟ ਡਿਸਪਲੇਅ ਹੋਣਾ ਵੀ ਜ਼ਰੂਰੀ ਹੁੰਦਾ ਹੈ | ਸਰਕਾਰ ਵਲੋਂ ਸਖ਼ਤ ਕਾਨੰੂਨ ਬਣਾਉਣ ਦੇ ਬਾਵਜੂਦ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਇਨ੍ਹਾਂ ਸਟੋਰਾਂ 'ਤੇ ਨਿਯਮਾਂ ਵਿਰੁੱਧ ਦਵਾਈਆਂ ਦੀ ਵਿੱਕਰੀ ਹੁੰਦੀ ਹੈ | ਜਿਸ ਬਾਰੇ ਸਿਹਤ ਵਿਭਾਗ ਅਤੇ ਡਰੱਗ ਇੰਸਪੈਕਟਰ ਸਿਰਫ ਖਾਨਾ ਪੂਰਤੀ ਲਈ ਕਦੇ ਕਦਾਈ ਕਾਰਵਾਈ ਕਰਦੇ ਨਜ਼ਰ ਆਉਂਦੇ ਹਨ | ਇਸ ਦੇ ਬਾਵਜੂਦ ਮੋਟੀ ਕਮਾਈ ਲਈ ਮੈਡੀਕਲ ਸਟੋਰਾਂ 'ਤੇ ਡਾਕਟਰ ਦੀ ਸਲਿੱਪ ਤੋਂ ਬਿਨਾਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ | ਜਦੋਂ ਕਿ ਨਿਯਮਾਂ ਅਨੁਸਾਰ ਬਿਨਾਂ ਸਲਿੱਪ ਤੋਂ ਸਟੋਰ ਵਾਲੇ ਦਵਾਈ ਨਹੀਂ ਦੇ ਸਕਦੇ ਹਨ | ਮੈਡੀਕਲ ਸਟੋਰਾਂ 'ਤੇ ਬਿਨਾਂ ਸਲਿੱਪ ਤੋਂ ਐਂਟੀਬਾਇਓਟਿਕਸ ਦਵਾਈਆਂ ਦੀ ਵਿੱਕਰੀ ਕੀਤੀ ਜਾ ਰਹੀ ਹੈ ਜੋ ਸਿਹਤ ਤੇ ਨਿਯਮਾਂ ਖਿਲਾਫ਼ ਹੈ | ਇਸ ਦੇ ਨਾਲ ਹੀ ਸਟੋਰ ਉਪਰ ਸਰਕਾਰ ਤੇ ਵਿਭਾਗ ਵਲੋਂ ਵਰਜਿਤ ਦਵਾਈਆਂ ਦੀ ਵਿੱਕਰੀ ਹੋ ਰਹੀ ਹੈ | ਐਚ-1 ਸੂਚੀ ਵਿਚ ਸ਼ਾਮਿਲ ਦਵਾਈਆਂ ਦੀ ਵਿੱਕਰੀ ਵੀ ਮੈਡੀਕਲ ਸਟੋਰਾਂ 'ਤੇ ਹੋ ਰਹੀ ਹੈ | ਸਮਾਜ ਸੇਵੀ ਸਰਬਜੀਤ ਸਿੰਘ ਚਾਹਲ, ਕਿਸਾਨ ਆਗੂਆਂ ਦਵਿੰਦਰ ਸਿੰਘ ਲਾਡੀ, ਸਤਿਨਾਮ ਸਿੰਘ ਬੋਪਾਰਾਏ, ਇੰਦਰਪਾਲ ਸਿੰਘ, ਵਕੀਲ ਸਮੀਰ ਸ਼ਰਮਾ, ਵਰੁਣ ਰਾਣਾ ਆਦਿ ਨੇ ਇਸ ਸਬੰਧੀ ਸਰਕਾਰ ਤੇ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਮੈਡੀਕਲ ਸਟੋਰਾਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਗੈਰ ਪ੍ਰਵਾਨਿਤ ਦਵਾਈਆਂ ਦੀ ਵਿੱਕਰੀ ਬੰਦ ਹੋ ਸਕੇ |