ਧਾਰੀਵਾਲ, 6 ਫਰਵਰੀ (ਸਵਰਨ ਸਿੰਘ)-ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ (ਧਾਰੀਵਾਲ) ਵਿਖੇ ਮੈਟਿ੍ਕ ਜਮਾਤ ਦੀ ਵਿਦਾਇਗੀ ਪਾਰਟੀ ਸਮਾਗਮ ਮਨਾਇਆ ਗਿਆ | ਇਹ ਸਮਾਗਮ ਸਕੂਲ ਦੇ ਪ੍ਰਬੰਧਕ ਡਾ. ਸਰਬਜੀਤ ਸਿੰਘ ਛੀਨਾ ਤੇ ਸਕੂਲ ਦੀ ਪਿ੍ੰਸੀਪਲ ਜਤਿੰਦਰ ਕੌਰ ਸੋਹਲ ਦੀ ਅਗਵਾਈ ਹੇਠ ਕਰਵਾਇਆ ਗਿਆ | ਜੂਨੀਅਰ ਵਿਦਿਆਰਥੀਆਂ ਵਲੋਂ ਸੀਨੀਅਰ ਲਈ ਕਰਵਾਏ ਸਮਾਗਮ 'ਚ ਸੰਗੀਤ, ਨਾਚ ਤੇ ਮੰਚੀ ਪੇਸ਼ਕਾਰੀਆਂ ਨੇ ਮਾਹੌਲ ਰੰਗੀਨ ਬਣਾ ਦਿੱਤਾ | ਇਸ ਸਮਾਗਮ ਦੀ ਸਭ ਤੋਂ ਖ਼ਾਸ ਘੜੀ ਮਿਸਟਰ ਤੇ ਮਿਸ ਫੇਅਰਵੈੱਲ ਦੀ ਚੋਣ ਰਹੀ | ਭਾਗੀਦਾਰਾਂ ਨੇ ਆਪਣੇ ਆਤਮ ਵਿਸ਼ਵਾਸ, ਵਿਅਕਤੀਗਤ ਸ਼ਖ਼ਸੀਅਤ ਤੇ ਬੋਲਚਾਲ ਦੇ ਹੁਨਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ | ਪਿ੍ੰਸੀਪਲ ਵਲੋਂ ਨਿਆਂਪੂਰਨ ਤਰੀਕੇ ਨਾਲ ਕੀਤੀ ਗਈ ਚੋਣ ਤੋਂ ਬਾਅਦ ਵਿਦਿਆਰਥੀ ਨੂਰਾਨ ਸਿੰਘ ਛੀਨਾ ਨੂੰ ਮਿਸਟਰ ਫੇਅਰਵੈੱਲ ਤੇ ਵਿਦਿਆਰਥਣ ਸੰਚਿਤਾ ਨੂੰ ਮਿਸ ਫੇਅਰਵੈੱਲ ਦਾ ਤਾਜ ਪਹਿਨਾਇਆ ਗਿਆ | ਵਿਦਿਆਰਥੀ ਸੰਜੀਵ ਤੇ ਵਿਦਿਆਰਥਣ ਆਰਤੀ ਨੂੰ ਰਨਰਅੱਪ ਘੋਸ਼ਿਤ ਕੀਤਾ ਗਿਆ | ਪਿ੍ੰਸੀਪਲ ਜਤਿੰਦਰ ਕੌਰ ਸੋਹਲ ਨੇ ਵਿਦਿਆਰਥੀਆਂ ਨੂੰ ਸੱਚਾਈ, ਮਿਹਨਤ ਤੇ ਇਮਾਨਦਾਰੀ ਦੇ ਰਸਤੇ ਚੱਲਣ ਦੀ ਪ੍ਰੇਰਣਾ ਦਿੱਤੀ, ਨਾਲ ਹੀ ਸਕੂਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਵਿਦਾਈ ਲੈਂਦੇ ਸਮੇਂ ਕਈ ਅੱਖਾਂ ਨਮ ਸਨ, ਪਰ ਨਾਲ ਹੀ ਨਵੇਂ ਸੁਪਨਿਆਂ ਨਾਲ ਭਰਿਆ ਉਤਸ਼ਾਹ ਵੀ ਦਿਖਾਈ ਦਿੱਤਾ | ਇਹ ਵਿਦਾਈ ਸਮਾਗਮ ਸਿਰਫ਼ ਇਕ ਰਸਮ ਨਹੀਂ, ਸਗੋਂ ਯਾਦਾਂ, ਦੋਸਤੀ ਤੇ ਸਫ਼ਲ ਭਵਿੱਖ ਦੀ ਸ਼ੁਰੂਆਤ ਦਾ ਪ੍ਰਤੀਕ ਬਣ ਗਿਆ |