ਬਟਾਲਾ, 6 ਫਰਵਰੀ (ਸਤਿੰਦਰ ਸਿੰਘ)-ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਮਿੱਲ ਦੇ ਜਨਰਲ ਮੈਨੇਜਰ ਸ੍ਰੀਮਤੀ ਕਿਰਨਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਗੰਨਾ ਸੈਮੀਨਾਰ ਲਗਾਇਆ ਗਿਆ, ਜਿਸ ਵਿਚ 100 ਤੋਂ ਵੱਧ ਕਿਸਾਨਾਂ ਵਲੋਂ ਹਿੱਸਾ ਲਿਆ ਗਿਆ | ਇਸ ਮੌਕੇ ਗੰਨੇ ਦੀ ਕਾਸ਼ਤ ਨਾਲ ਸਬੰਧਤ ਸੈਮੀਨਾਰ 'ਚ ਡਾ. ਨਵਦੀਪ ਸਿੰਘ ਜਮਵਾਲ ਪਲਾਂਟ ਬਰੀਡਰ, ਡਾ. ਰਾਜਿੰਦਰ ਕੁਮਾਰ ਕੀਟ ਵਿਗਿਆਨੀ ਤੇ ਮੈਡਮ ਰੇਨੂੰ, ਸਹਾਇਕ ਗੰਨਾ ਵਿਕਾਸ ਅਫ਼ਸਰ ਅੰਮਿ੍ਤਸਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸੈਮੀਨਾਰ ਵਿਚ ਗੰਨੇ ਦੀਆਂ ਵੱਖ-ਵੱਖ ਕਿਸਮਾਂ ਦੀ ਕਾਸ਼ਤ ਤੇ ਗੰਨੇ ਦੀ ਖੇਤੀ ਦੇ ਮਸ਼ੀਨੀਕਰਨ ਬਾਰੇ ਵਿਸਥਾਰ-ਪੂਰਵਕ ਚਾਨਣਾ ਪਾਇਆ ਗਿਆ | ਇਸ ਮੌਕੇ ਕਿਸਾਨਾਂ ਨੇ ਆਪਣੇ ਸੁਝਾਅ ਵੀ ਪੇਸ਼ ਕੀਤੇ | ਗੰਨੇ ਦੀ ਬਿਜਾਈ ਲਈ ਸੀਡ ਨਰਸਰੀਆਂ ਰਾਖਾਵੀਆਂ ਕਰਨ ਤੇ ਸਿੰਗਲ ਬੱਡ ਰਾਹੀਂ ਸੀਡ ਸੈਪਲਿੰਗ ਵਿਧੀ ਤਹਿਤ ਗੰਨੇ ਦੀਆਂ ਸੀਡ ਨਰਸਰੀਆਂ ਦੀ ਬਿਜਾਈ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ | ਫੀਲਡ ਸਟਾਫ਼ ਤੇ ਅਗਾਂਹਵਧੂ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਸਬੰਧੀ ਸਿਖਲਾਈ ਵੀ ਦਿੱਤੀ ਗਈ | ਇਸ ਮੌਕੇ ਮਿੱਲ ਦੇ ਸੀ.ਸੀ.ਡੀ.ਓ. ਪਵਿੱਤਰ ਸਿੰਘ ਬੱਲ ਵਲੋਂ ਆਏ ਖੇਤੀ ਮਾਹਿਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਿਰਮਲ ਸਿੰਘ ਸੁਚਾਨੀਆਂ, ਪਲਵਿੰਦਰ ਸਿੰਘ ਸਹਾਰੀ, ਗੁਰਪਾਲ ਸਿੰਘ ਮਸਾਣੀਆਂ, ਪਰਮਜੀਤ ਸਿੰਘ ਬਾਜਵਾ, ਸੁਖਦੇਵ ਸਿੰਘ, ਮੁਖਤਿਆਰ ਸਿੰਘ, ਵਰਿੰਦਰਜੀਤ ਸਿੰਘ, ਸਾਹਿਬਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਸਰਪੰਚ ਗੋਧਰਪੁਰ ਆਦਿ ਹਾਜ਼ਰ ਸਨ |