ਗੁਰਦਾਸਪੁਰ, 20 ਫਰਵਰੀ (ਗੁਰਪ੍ਰਤਾਪ ਸਿੰਘ/ਪੰਕਜ ਸ਼ਰਮਾ)-ਸ਼ਹਿਰ ਦੇ ਅੰਦਰੂਨੀ ਬਾਜ਼ਾਰ 'ਚ ਉਸ ਸਮੇਂ ਹੰਗਾਮਾ ਮੱਚ ਗਿਆ, ਜਦੋਂ ਸੁਨਿਆਰੇ ਦੀ ਦੁਕਾਨ 'ਤੇ ਨਕਲੀ ਚਾਂਦੀ ਵੇਚ ਰਹੀ ਇਕ ਔਰਤ ਨੂੰ ਲੋਕਾਂ ਵਲੋਂ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ | ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਜੇ ਵਰਮਾ ਨੇ ਦੱਸਿਆ ਕਿ ਰਾਜਸਥਾਨ ਦੀ ਇਕ ਔਰਤ ਇਕ ਕੁੜੀ ਨਾਲ ਉਨ੍ਹਾਂ ਦੀ ਦੁਕਾਨ 'ਤੇ ਆਈ ਜੋ ਉਨ੍ਹਾਂ ਨੰੂ ਵਿਕਰੀ ਲਈ ਕੁਝ ਚਾਂਦੀ ਦੇ ਸਿੱਕੇ ਦੇ ਰਹੀ ਸੀ | ਪਰ ਜਦੋਂ ਉਸ ਨੇ ਇਨ੍ਹਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੰੂ ਪਤਾ ਲੱਗਾ ਕਿ ਚਾਂਦੀ ਨਕਲੀ ਹੈ | ਉਸ ਨੇ ਦੱਸਿਆ ਕਿ ਜਦੋਂ ਉਸ ਵਲੋਂ ਔਰਤ ਨੂੰ ਇਸ ਚਾਂਦੀ ਸਬੰਧੀ ਪੁੱਛਿਆ ਤਾਂ ਉਸ ਦੇ ਨਾਲ ਆਈ ਕੁੜੀ ਮੌਕੇ ਤੋਂ ਭੱਜ ਗਈ | ਪਰ ਲੋਕਾਂ ਨੇ ਉਕਤ ਔਰਤ ਨੂੰ ਫੜ ਲਿਆ | ਜਿਸ ਤੋਂ ਬਾਅਦ ਉਕਤ ਔਰਤ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ | ਉਸ ਨੇ ਦੱਸਿਆ ਕਿ ਇਹ ਔਰਤ ਪਹਿਲਾਂ ਵੀ ਕਈ ਸੁਨਿਆਰੇ ਦੀਆਂ ਦੁਕਾਨਾਂ 'ਤੇ ਜਾ ਚੁੱਕੀ ਹੈ ਤੇ ਨਕਲੀ ਚਾਂਦੀ ਦੇ ਸਿੱਕੇ ਵੇਚ ਕੇ ਉਨ੍ਹਾਂ ਨਾਲ ਧੋਖਾ ਕਰ ਚੁੱਕੀ ਹੈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਗੁਰਦਾਸਪੁਰ ਦੇ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਔਰਤ ਨੂੰ ਬਾਜ਼ਾਰ 'ਚੋਂ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸੁਨਿਆਰੇ ਦੀ ਦੁਕਾਨ ਚਲਾਉਣ ਵਾਲੇ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਹ ਔਰਤ ਦੁਕਾਨਦਾਰਾਂ ਨੂੰ ਨਕਲੀ ਚਾਂਦੀ ਵੇਚਦੀ ਹੈ | ਉਨ੍ਹਾਂ ਦੱਸਿਆ ਕਿ ਇਸ ਔਰਤ ਦੀ ਪਹਿਚਾਣ ਮੰਜੂ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਜਮੀਤ ਕੁਮਾਰ ਦੀ ਪਤਨੀ ਹੈ ਤੇ ਪੁਲਿਸ ਵਲੋਂ ਹੋਰ ਜਾਂਚ ਜਾਰੀ ਹੈ |