ਗੁਰਦਾਸਪੁਰ, 20 ਫਰਵਰੀ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਗੁਰੀਆ ਦੇ ਭਾਈ ਕੁਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਜੋ ਗੁਰਦੁਆਰਾ ਸਿੰਘ ਸਭਾ ਗੁਰਦਾਸਪੁਰ ਵਿਖੇ ਬਤੌਰ ਰਾਗੀ ਸੇਵਾ ਨਿਭਾਅ ਰਿਹਾ ਹੈ ਤੇ ਉਹ ਮੁੱਖ ਡਾਕਘਰ ਗੁਰਦਾਸਪੁਰ ਵਿਖੇ ਆਪਣੇ ਨਿੱਜੀ ਘਰੇਲੂ ਕੰਮ ਵਾਸਤੇ ਗਏ ਸਨ ਕਿ ਥੋੜ੍ਹੀ ਦੇਰ ਬਾਅਦ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਐਕਟੀਵਾ ਉਥੋਂ ਗ਼ਾਇਬ ਸੀ | ਉਨ੍ਹਾਂ ਦੱਸਿਆ ਕਿ ਉਹ ਦੁਪਹਿਰ 1 ਵਜੇ ਦੇ ਕਰੀਬ ਆਪਣੀ ਸਕੂਟਰੀ ਐਕਟੀਵਾ ਨੰਬਰ ਪੀ.ਬੀ.06 ਏ.ਐਲ.6691 ਲਗਾ ਕੇ ਅੰਦਰ ਗਏ ਤੇ ਜਦੋਂ ਬਾਹਰ ਆਏ ਤਾਂ ਸਕੂਟਰੀ ਉੱਥੇ ਨਹੀਂ ਸੀ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਥਾਣਾ ਸਿਟੀ ਗੁਰਦਾਸਪੁਰ ਗਏ, ਜਿਥੇ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਕੋਈ ਵੀ ਮੁਲਾਜ਼ਮ ਮੌਕਾ ਦੇਖਣ ਨਹੀਂ ਆਇਆ ਤੇ ਮੇਰੀ ਰਿਪੋਰਟ ਲਿਖ ਕੇ ਅੱਥਰੂ ਪੂੰਝ ਦਿੱਤੇ | ਉਨ੍ਹਾਂ ਦੱਸਿਆ ਕਿ ਮੁੱਖ ਡਾਕਘਰ ਗੁਰਦਾਸਪੁਰ ਦੇ ਬਾਹਰਲੇ ਪਾਸੇ ਕੋਈ ਵੀ ਸੀ.ਸੀ.ਟੀ.ਵੀ ਕੈਮਰਾ ਨਾ ਲੱਗਾ ਹੋਣ ਕਰਕੇ ਐਕਟਿਵਾ ਚੋਰੀ ਕਰਨ ਵਾਲੇ ਚੋਰ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਨਿੱਤ ਚੋਰੀ ਦੀਆਂ ਘਟਨਾਵਾਂ ਵਾਪਰਨ ਨਾਲ ਸ਼ਹਿਰ ਵਾਸੀ ਤੇ ਪੇਂਡੂ ਲੋਕ ਕਾਫ਼ੀ ਦੁਖੀ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕ ਸ਼ਹਿਰ ਆਪਣੇ ਕੰਮਕਾਜ ਲਈ ਆਉਂਦੇ ਹਨ | ਪਰ ਉਨ੍ਹਾਂ ਦੇ ਵਾਹਨ ਚੋਰੀ ਹੋਣ ਕਰਕੇ ਉਹ ਕਾਫ਼ੀ ਪੇ੍ਰਸ਼ਾਨ ਹੁੰਦੇ ਹਨ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਥਾਣਾ ਸਿਟੀ ਗੁਰਦਾਸਪੁਰ ਨੂੰ ਹਦਾਇਤਾਂ ਕਰਕੇ ਉਨ੍ਹਾਂ ਦੀ ਸਕੂਟਰੀ ਲੱਭਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ |