ਗੁਰਦਾਸਪੁਰ, 21 ਫਰਵਰੀ (ਅਸ਼ੋਕ ਸ਼ਰਮਾ)-ਬੀਤੇ ਦਿਨੀਂ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਕਸਬਾ ਚਾਵਾ ਸਥਿਤ ਇਕ ਤੇਜ਼ ਰਫ਼ਤਾਰ ਟਿੱਪਰ ਵਲੋਂ ਟਰਾਲੇ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਟਰਾਲਾ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਸੀ | ਥਾਣਾ ਪੁਰਾਣਾ ਸ਼ਾਲਾ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੁਰਿੰਦਰ ਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਹਰਦੋ ਬਥਵਾਲਾ ਨੇ ਦੱਸਿਆ ਕਿ ਉਸ ਦਾ ਭਰਾ ਜੋਗਾ ਸਿੰਘ ਉਮਰ 55 ਸਾਲ ਜੋ ਵਰਲਡ ਵਾਈਡਮੂਵਰ ਟਰਾਂਸਪੋਰਟ ਅੰਮਿ੍ਤਸਰ ਦੇ ਟਰੱਕ ਨੰਬਰੀ ਪੀ.ਬੀ. 02.ਡੀ.ਐਫ.3578 'ਤੇ ਡਰਾਇਵਰੀ ਕਰਦਾ ਸੀ ਤੇ ਉਨ੍ਹਾਂ ਨੂੰ 19 ਫਰਵਰੀ ਨੂੰ ਸਵੇਰੇ ਤੜਕੇ 1.30 ਵਜੇ ਦੇ ਕਰੀਬ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਜੋਗਾ ਸਿੰਘ ਦੇ ਟਰੱਕ ਦਾ ਟਿੱਪਰ ਨੰਬਰੀ ਪੀ.ਬੀ.07.ਸੀ.ਐਲ.9364 ਨਾਲ ਪਿੰਡ ਚਾਵਾ ਨੇੜੇ ਹਾਦਸਾ ਹੋ ਗਿਆ ਹੈ ਅਤੇ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਸ ਦੇ ਭਰਾ ਜੋਗਾ ਸਿੰਘ ਦੀ ਲਾਸ ਟਰੱਕ 'ਚ ਫਸੀ ਹੋਈ ਸੀ | ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਟਿੱਪਰ ਚਾਲਕ ਰੰਜਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |