ਬਟਾਲਾ, 21 ਫਰਵਰੀ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਸਾਲਾਨਾ ਗ੍ਰੈਜੂਏਸ਼ਨ ਸਮਾਰੋਹ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਨੰਨ੍ਹੇ ਵਿਦਿਆਰਥੀਆਂ ਨੇ ਆਪਣੀ ਅਕਾਦਮਿਕ ਸਫਲਤਾ ਦਾ ਜਸ਼ਨ ਮਨਾਇਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ ਅਤੇ ਪਿ੍ੰਸੀਪਲ ਡਾ. ਉਪਮਾ ਮਹਾਜਨ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ | ਗ੍ਰੈਜੂਏਸ਼ਨ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਯੋਗ ਅਗਵਾਈ ਪਿ੍ੰਸੀਪਲ ਡਾਕਟਰ ਉਪਮਾ ਮਹਾਜਨ ਵਲੋਂ ਕੀਤੀ ਗਈ | ਇਸ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਗੀਤ, ਕੋਰੀਓਗ੍ਰਾਫੀ ਅਤੇ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਮਨ ਮੋਹ ਲਿਆ | ਪਿ੍ੰਸੀਪਲ ਡਾ. ਉਪਮਾ ਮਹਾਜਨ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਡਾ. ਉਪਮਾ ਮਹਾਜਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਚਰਿੱਤਰ ਨਿਰਮਾਣ ਦਾ ਸਾਧਨ ਹੈ | ਉਨ੍ਹਾਂ ਮਾਪਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਕੂਲ ਪ੍ਰਬੰਧਕਾਂ 'ਤੇ ਭਰੋਸਾ ਜਤਾਇਆ | ਗ੍ਰੈਜੂਏਸ਼ਨ ਕੈਪ ਪਾ ਕੇ ਬੱਚਿਆਂ ਦੇ ਚਿਹਰਿਆਂ 'ਤੇ ਇਕ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲੀ | ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਕਾਂ ਵਲੋਂ ਸਾਰੇ ਅਧਿਆਪਕਾਂ ਅਤੇ ਸਟਾਫ ਦੀ ਮਿਹਨਤ ਦੀ ਸ਼ਾਲਾਘਾ ਕੀਤੀ ਗਈ | ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਸ: ਗੁਰਜੀਤ ਸਿੰਘ ਬੈਂਸ, ਤਾਜਬੀਰ ਸਿੰਘ ਬੈਂਸ, ਡਾਇਰੈਕਟਰ ਡਾ: ਗੁਰਿੰਦਰ ਕੌਰ ਮਾਨ ਅਤੇ ਪਿ੍ੰਸੀਪਲ ਡਾ. ਉਪਮਾ ਮਹਾਜਨ ਨੇਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਹ ਦਿਨ ਵਿਦਿਆਰਥੀਆਂ ਦੇ ਜੀਵਨ ਵਿਚ ਇਕ ਨਵੀਂ ਉਡਾਣ ਦੀ ਸ਼ੁਰੂਆਤ ਵਜੋਂ ਯਾਦਗਾਰੀ ਹੋ ਨਿਬੜਿਆ |