ਬਟਾਲਾ, 24 ਫਰਵਰੀ (ਰਾਕੇਸ਼ ਰੇਖੀ)-ਕੰਮ ਖਤਮ ਕਰਕੇ ਘਰ ਜਾ ਰਹੇ ਜੂਸ ਵਿਕਰੇਤਾ ਨੂੰ ਰਸਤੇ 'ਚ ਘੇਰ ਕੇ ਲੁਟੇਰਿਆਂ ਨੇ ਉਸ ਦਾ ਮੋਟਰਸਾਈਕਲ ਤੇ ਫੋਨ ਲੁੱਟ ਲਿਆ | ਪੁਲਿਸ ਨੇ ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ | ਭੁੱਲਰ ਰੋਡ, ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਨਵੀਦ ਪੁੱਤਰ ਵਕੀਲ ਜੋ ਮੂਲ ਰੂਪ ਵਿਚ ਯੂ.ਪੀ. ਦਾ ਰਹਿਣ ਵਾਲਾ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਟਾਲਾ ਵਿਚ ਫਲਾਂ ਦੇ ਜੂਸ ਵੇਚਣ ਦਾ ਕੰਮ ਕਰਦਾ ਹੈ | ਆਪਣਾ ਕੰਮ ਖਤਮ ਕਰਕੇ ਉਹ ਦੇਰ ਰਾਤ ਆਪਣੇ ਘਰ ਚਲਾ ਜਾਂਦਾ ਹੈ | ਰੋਜ਼ ਦੀ ਤਰ੍ਹਾਂ ਬੀਤੀ ਰਾਤ ਕਰੀਬ 9:30 ਵਜੇ ਉਹ ਤੋਂ ਵਿਹਲਾ ਹੋ ਕੇ ਭੁੱਲਰ ਰੋਡ 'ਤੇ ਪੁਰਾਣੀ ਦਾਣਾ ਮੰਡੀ ਨੇੜੇ ਪਹੁੰਚਿਆ ਤਾਂ ਰਸਤੇ ਵਿਚ ਪਹਿਲਾਂ ਤੋਂ ਖੜੇ 3 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਤੇ ਧਮਕਾ ਕੇ ਉਸ ਦਾ ਸਪਲੈਂਡਰ ਮੋਟਰਸਾਈਕਲ ਪੀ.ਬੀ. 18ਜੇ 5939 ਤੇ ਕੀਮਤੀ ਮੋਬਾਇਲ ਫੋਨ ਲੁੱਟ ਲਿਆ ਤੇ ਫਰਾਰ ਹੋ ਗਏ | ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਨਵੀਦ ਦੀ ਸ਼ਿਕਾਇਤ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |