ਧਾਰੀਵਾਲ, 24 ਫਰਵਰੀ (ਸਵਰਨ ਸਿੰਘ)-ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਦੇ ਕਾਮਰਸ ਵਿਭਾਗ ਵਲੋਂ ਕਾਲਜ ਪਿ੍ੰਸੀਪਲ ਡਾ. ਗੁਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦੇ ਗਿਆਨ 'ਚ ਵਾਧਾ ਕਰਨ ਦੇ ਉਦੇਸ਼ ਨਾਲ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਦਾ ਸਨਅਤੀ ਦੌਰਾ ਕੀਤਾ | ਇਸ ਮੌਕੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੇਰਕਾ ਮਿਲਕ ਪਲਾਂਟ ਵਿਖੇ ਪਹੁੰਚ ਕੇ ਦੁੱਧ ਦੀ ਪ੍ਰੋਸੈਸਿੰਗ, ਪੈਕਿੰਗ ਤੇ ਗੁਣਵੱਤਾ ਦੀ ਨਿਯੰਤਰਣ ਬਾਰੇ ਜਾਣਕਾਰੀ ਹਾਸਲ ਕੀਤੀ | ਪਲਾਂਟ ਦੇ ਅਧਿਕਾਰੀ ਕਮਲਜੀਤ ਕੌਰ (ਮਾਰਕੀਟਿੰਗ) ਨੇ ਵਿਦਿਆਰਥੀਆਂ ਨੂੰ ਦੁੱਧ ਇਕੱਠਾ ਕਰਨ ਤੋਂ ਲੈ ਕੇ ਉਸ ਦੀ ਸੰਭਾਲ, ਪਾਸਚਰਾਈਜੇਸਨ ਤੇ ਤਿਆਰ ਉਤਪਾਦਾਂ ਦੀ ਪੈਕਿੰਗ ਤੱਕ ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਵੱਖ-ਵੱਖ ਮਸ਼ੀਨਾਂ ਤੇ ਲੈਬਾਰਟਰੀ ਵਿਚ ਹੋਣ ਵਾਲੀ ਜਾਂਚ ਪ੍ਰਕਿਰਿਆ ਨੂੰ ਨਜ਼ਦੀਕ ਤੋਂ ਦੇਖਿਆ ਤੇ ਸਮਝਿਆ | ਕਾਲਜ ਪਿ੍ੰਸੀਪਲ ਡਾ. ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਵਿਚ ਵਾਧਾ ਕਰਦੇ ਹਨ ਤੇ ਉਨ੍ਹਾਂ ਨੂੰ ਉਦਯੋਗਿਕ ਕਾਰਜ ਪ੍ਰਣਾਲੀ ਦੀ ਸਮਝ ਪ੍ਰਦਾਨ ਕਰਦੇ ਹਨ | ਇਸ ਮੌਕੇ ਕਾਲਜ ਦੇ ਕਾਮਰਸ ਵਿਭਾਗ ਦੇ ਪ੍ਰੋ. ਹਰਜੀਤ ਕੌਰ, ਪ੍ਰੋ. ਸਿਵਿਆ ਵਿੱਜ ਅਤੇ ਪ੍ਰੋ. ਰੇਖਾ ਰਾਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |