ਸੁਜਾਨਪੁਰ, 24 ਫਰਵਰੀ (ਜਗਦੀਪ ਸਿੰਘ)-ਸ਼ਿਵਰਾਤਰੀ ਮਹਾਂ ਉਤਸਵ ਨੂੰ ਸਮਰਪਿਤ ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਪੰਗੋਤਰਾ ਦਾਤੀ ਮਾਤਾ ਮੰਦਰ ਮਾਮੂਨ ਵਿਖੇ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ | ਸ਼ਿਵ ਕਥਾ ਦੇ ਅੱਜ ਪਹਿਲੇ ਦਿਨ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਰਾਧਿਕਾ ਭਾਰਤੀ ਨੇ ਭਗਵਾਨ ਸ਼ਿਵ ਦੀ ਕਥਾ ਦਾ ਵਰਣਨ ਕੀਤਾ | ਉਨ੍ਹਾਂ ਕਿਹਾ ਕਿ ਸ਼ਿਵ ਜੀ ਦੀ ਕਥਾ ਮਾਨਵ ਜਾਤੀ ਨੂੰ ਸੁੱਖ ਸਮਰਿਧੀ ਤੇ ਆਨੰਦ ਦੇਣ ਵਾਲੀ ਹੈ, ਕਿਉਂਕਿ ਭਗਵਾਨ ਸ਼ਿਵ ਜੀ ਕਲਿਆਣ ਅਤੇ ਸੁੱਖ ਦੇ ਮੂਲ ਸਰੋਤ ਹਨ | ਭਗਵਾਨ ਭੋਲੇ ਨਾਥ ਦੀ ਕਥਾ ਵਿਚ ਗੋਤਾ ਲਾਉਣ ਨਾਲ ਇਨਸਾਨ ਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ | ਇਸ ਮੌਕੇ ਸਾਧਵੀ ਸੰਧਿਆ ਭਾਰਤੀ, ਸਾਧਵੀ ਨਵਪ੍ਰੀਤ, ਸਾਧਵੀ ਯਸ਼ਾ ਭਾਰਤੀ, ਸਾਧਵੀ ਪ੍ਰਭੂ ਜੋਤੀ ਭਾਰਤੀ ਵਲੋਂ ਭਜਨ ਗਾ ਕੇ ਸੰਗਤ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਸਵਾਮੀ ਹਰਿਸ਼ਾ ਨੰਦ, ਸਵਾਮੀ ਜਗਦੀਸ਼ਾ ਨੰਦ, ਰਜਿੰਦਰ ਸਿੰਘ ਪਠਾਨੀਆ, ਰਕੇਸ਼ ਸ਼ਰਮਾ, ਡਾ: ਫ਼ਕੀਰ ਚੰਦ ਡੋਗਰਾ, ਵਿਪਨ ਸ਼ਰਮਾ, ਅਮਿਤ ਜੰਮਵਾਲ, ਚੰਦਰਸ਼ੇਖਰ, ਕਰਨੈਲ ਸਿੰਘ, ਯੁੱਧਵੀਰ ਸਿੰਘ, ਕਸਤੂਰੀ ਲਾਲ, ਮਾਸਟਰ ਸੁਰਿੰਦਰ ਸਿੰਘ ਅਤੇ ਇਲਾਕੇ ਦੀ ਸੰਗਤ ਹਾਜ਼ਰ ਸੀ |