ਵਡਾਲਾ ਗ੍ਰੰਥੀਆਂ, 25 ਫਰਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਇਥੋਂ ਨਜ਼ਦੀਕੀ ਪਿੰਡ ਕਾਲੀਆਂ ਦੇ ਇਕ ਮਿਹਨਤੀ ਕਿਸਾਨ ਬਿਕਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਦੀਆਂ ਬੀਤੀ ਰਾਤ ਦੋ ਕੀਮਤੀ ਮੱਝਾਂ ਚੋਰਾਂ ਨੇ ਚੋਰੀ ਕਰ ਲਈਆਂ | ਇਸ ਵਾਰਦਾਤ ਨਾਲ ਇਲਾਕੇ ਦੇ ਕਿਸਾਨਾਂ 'ਚ ਡਰ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ | ਪੀੜਤ ਕਿਸਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਪਸ਼ੂਆਂ ਦੀ ਦੇਖਭਾਲ ਲਈ ਖੇਤਾਂ 'ਚ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ | ਪਸ਼ੂਆਂ ਦੇ ਵਾੜੇ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਉਨ੍ਹਾਂ ਦੀਆਂ ਦੋਵੇਂ ਮੱਝਾਂ ਗਾਇਬ ਸਨ | ਉਨ੍ਹਾਂ ਦੱਸਿਆ ਕਿ ਚੋਰ ਪੂਰੀ ਯੋਜਨਾ ਨਾਲ ਆਏ ਲਗਦੇ ਹਨ | ਪਹਿਲਾਂ ਵਾੜੇ ਦਾ ਤਾਲਾ ਤੋੜਿਆ ਗਿਆ ਤੇ ਫਿਰ ਮੱਝਾਂ ਨੂੰ ਚੁੱਪਚਾਪ ਖੇਤਾਂ ਰਾਹੀਂ ਲਿਜਾਇਆ ਗਿਆ | ਇਸ ਘਟਨਾ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ, ਕਿਉਂਕਿ ਇਹ ਮੱਝਾਂ ਦੁੱਧ ਦੇ ਵਧੀਆ ਉਤਪਾਦਨ ਲਈ ਜਾਣੀਆਂ ਜਾਂਦੀਆਂ ਸਨ ਅਤੇ ਘਰ ਦੀ ਆਮਦਨ ਦਾ ਮੁੱਖ ਸਰੋਤ ਸਨ | ਪੀੜਤ ਕਿਸਾਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਨਜ਼ਦੀਕੀ ਡੇਰਿਆਂ ਅਤੇ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਦੀ ਕੋਸ਼ਿਸ਼ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਚੋਰ ਮੱਝਾਂ ਨੂੰ ਮਲਕਪੁਰ ਵਾਲੇ ਪਾਸੇ ਖੇਤਾਂ ਰਾਹੀਂ ਲੈ ਗਏ ਤੇ ਸ਼ਰਾਬ ਦੇ ਠੇਕੇ ਨਜ਼ਦੀਕ ਮੇਨ ਰੋਡ ਉੱਪਰ ਕਿਸੇ ਵਾਹਨ 'ਤੇੇ ਲੱਦ ਕੇ ਫਰਾਰ ਹੋ ਗਏ | ਇਸ ਸੰਬੰਧੀ ਬਿਕਰਮਜੀਤ ਸਿੰਘ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਕੇ ਰਿਪੋਰਟ ਦਰਜ ਕਰਵਾਈ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ |