ਬਟਾਲਾ, 25 ਫਰਵਰੀ (ਰਾਕੇਸ਼ ਰੇਖੀ)-ਨੌਜਵਾਨ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਇਕ ਕਥਿਤ ਟਰੈਵਲ ਏਜੰਟ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਵਿਲ ਲਾਈਨ ਦੇ ਏ.ਐਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਸ਼ੇਰੇ ਪੰਜਾਬ ਗਲੀ ਦੇ ਰਹਿਣ ਵਾਲੇ ਰਮਨ ਸ਼ਰਮਾ ਪੁੱਤਰ ਜੋਗਿੰਦਰਪਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਇਸ ਸਿਲਸਿਲੇ 'ਚ ਉਸ ਦਾ ਸੰਪਰਕ ਸਰਬਜੀਤ ਸਿੰਘ ਉਰਫ ਲੱਕੀ ਵਾਸੀ ਕਾਹਨੂੰਵਾਨ ਰੋਡ ਸਿੰਬਲ ਚੌਕ ਨਾਲ ਹੋਇਆ | ਲੱਕੀ ਨੇ ਉਸ ਨੂੰ ਇੰਗਲੈਂਡ ਭੇਜਣ ਦਾ ਭਰੋਸਾ ਦੁਆਇਆ ਤੇ ਇਸ ਕੰਮ ਲਈ 20 ਲੱਖ 65 ਹਜ਼ਾਰ ਰੁਪਏ ਵਿਚ ਗੱਲ ਤੈਅ ਹੋ ਗਈ, ਪਰ ਕਾਫੀ ਸਮਾਂ ਬੀਤਣ 'ਤੇ ਵੀ ਲੱਕੀ ਨੇ ਉਸ ਨੂੰ ਇੰਗਲੈਂਡ ਨਹੀਂ ਭੇਜਿਆ | ਉਸ ਵਲੋਂ ਆਪਣੇ ਪੈਸੇ ਵਾਪਸ ਮੰਗੇ ਜਾਣ 'ਤੇ ਲੱਕੀ ਨੇ ਉਸ ਨੂੰ 11 ਲੱਖ 50 ਹਜ਼ਾਰ ਰੁਪਏ ਵਾਪਸ ਕਰ ਦਿੱਤੇ, ਪਰ ਬਾਕੀ ਦੇ 9 ਲੱਖ 15 ਹਜ਼ਾਰ ਰੁਪਏ ਵਾਪਸ ਨਹੀ ਕੀਤੇ | ਵਾਰ-ਵਾਰ ਪੈਸੇ ਦਾ ਤਕਾਜ਼ਾ ਕਰਨ 'ਤੇ ਵੀ ਉਹ ਉਸ ਨਾਲ ਟਾਲ-ਮਟੋਲ ਕਰਦਾ ਰਿਹਾ | ਰਮਨ ਕੁਮਾਰ ਦੀ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ. (ਡੀ) ਵਲੋਂ ਕੀਤੀ ਗਈ | ਜਾਂਚ ਤੋਂ ਬਾਅਦ ਅਤੇ ਐਸ.ਐਸ.ਪੀ. ਦੇ ਹੁਕਮ 'ਤੇ ਸਰਬਜੀਤ ਸਿੰਘ ਉਰਫ ਲੱਕੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |