ਕੋਟਲੀ ਸੂਰਤ ਮੱਲ੍ਹੀ, 25 ਫਰਵਰੀ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਨੇੜਲੇ ਪਿੰਡ ਭਗਵਾਨਪੁਰ ਦੀਆਂ ਸੰਗਤਾਂ ਵਲੋਂ ਸਰਕਾਰੀ ਮਿਡਲ ਸਕੂਲ ਭਗਵਾਨਪੁਰ 'ਚ ਬੱਚਿਆਂ ਦੇ ਗੁਰਬਾਣੀ ਕੰਠ ਤੇ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ 'ਚ ਬੜੇ ਉਤਸ਼ਾਹ ਨਾਲ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ | ਇਸ ਸਬੰਧੀ ਪ੍ਰਧਾਨ ਗੁਰਜੰਟ ਸਿੰਘ, ਜਸਬੀਰ ਸਿੰਘ ਭਗਵਾਨਪੁਰ, ਪ੍ਰਧਾਨ ਜਗਤਾਰ ਸਿੰਘ ਸਮੇਤ ਪ੍ਰਬੰਧਕਾਂ ਨੇ ਦੱਸਿਆ ਕਿ ਸਮੁੱਚੇ ਨਗਰ ਦੀਆਂ ਸੰਗਤਾਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਨਾਲ ਜੋੜਨ ਤੇ ਸਿੱਖੀ ਸਰੂਪ 'ਚ ਪ੍ਰਪੱਕ ਕਰਨ ਦੇ ਮਨੋਹਰ ਨਾਲ ਕਰਵਾਏ ਧਾਰਮਿਕ ਮੁਕਾਬਲੇ 'ਚ ਬੱਚਿਆਂ ਨੇ ਬੜੇ ਵਿਸ਼ਵਾਸ ਨਾਲ ਭਾਗ ਲਿਆ ਤੇ ਪੂਰੀ ਸ਼ਰਧਾ ਭਾਵਨਾ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਕਰਵਾਏ ਧਾਰਮਿਕ ਮੁਕਾਬਲੇ 'ਚ ਜਸਪ੍ਰੀਤ ਕੌਰ ਨੇ ਪਹਿਲਾ, ਗੁਰਮਾਨ ਸਿੰਘ ਨੇ ਦੂਸਰਾ ਤੇ ਅਰਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸੁਪਮਨਪ੍ਰੀਤ ਕੌਰ, ਮੰਨਤਪ੍ਰੀਤ ਕੌਰ, ਸਾਹਿਬਦੀਪ ਸਿੰਘ, ਜਪਨੀਤ ਕੌਰ, ਅਵਨੀਤ ਕੌਰ ਤੇ ਅਗਮਜੋਤ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਕ੍ਰਮਵਾਰ 2-2 ਹਜ਼ਾਰ ਰੁਪਏ ਇਨਾਮ ਪ੍ਰਾਪਤ ਕੀਤੇ | ਪਹਿਲੇ ਸਥਾਨ 'ਤੇ ਰਹਿਣ ਵਾਲੀ ਵਿਦਿਆਰਥਣ ਨੂੰ 10 ਹਜ਼ਾਰ, ਦੂਸਰੇ ਸਥਾਨ ਵਾਲੇ ਨੂੰ 7 ਹਜ਼ਾਰ ਤੇ ਤੀਸਰੇ ਸਥਾਨ 'ਤੇ ਰਹਿਣ ਵਾਲੇ ਬੱਚੇ ਨੂੰ 5 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ ਗਏ | ਜਦੋਂ ਕਿ ਮੁਕਾਬਲੇ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਸ਼ਾਬਾਸ਼ ਦਿੱਤੀ ਗਈ | ਇਸ ਮੌਕੇ ਅਧਿਆਪਕ ਰਣਜੀਤ ਸਿੰਘ ਹੈਪੀ ਮਲਕਪੁਰ, ਅੰਮਿ੍ਤਬੀਰ ਸਿੰਘ ਖਾਨੋਵਾਲ, ਮੈਡਮ ਮਨਪ੍ਰੀਤ ਕੌਰ, ਰਾਜਪਾਲ ਕੌਰ ਕੁਹਾਲੀ, ਮਨਜੀਤ ਕੌਰ ਕੁਹਾਲੀ, ਅਰਵਿੰਦਰ ਕੌਰ ਭਗਵਾਨਪੁਰ ਸਕੂਲ, ਪ੍ਰਧਾਨ ਗੁਰਜੰਟ ਸਿੰਘ, ਰਣਜੀਤ ਸਿੰਘ, ਜਸਬੀਰ ਸਿੰਘ ਜੱਸਾ ਭਗਵਾਨਪੁਰ, ਬਿਕਰਮਜੀਤ ਸਿੰਘ, ਜਸਪਾਲ ਸਿੰਘ, ਨਵਦੀਪ ਸਿੰਘ, ਗੁਰਦੀਪ ਸਿੰਘ, ਜੋਬਨਜੀਤ ਸਿੰਘ ਆਦਿ ਹਾਜ਼ਰ ਸਨ |