ਬਟਾਲਾ, 25 ਫਰਵਰੀ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਦੇ ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਦੀ ਸਰਪ੍ਰਸਤੀ ਹੇਠ ਤੇ ਸ਼੍ਰੀ ਪੰਕਜ ਕੁਮਾਰ (ਕੋਆਰਡੀਨੇਟਰ) ਤੇ ਸ਼੍ਰੀਮਤੀ ਸੁਨੈਨਾ ਗੁਪਤਾ (ਹੋਮ ਸਾਇੰਸ ਵਿਭਾਗ) ਦੇ ਸਹਿਯੋਗ ਨਾਲ ਬੀ.ਐੱਸ.ਸੀ. ਕਲੀਨਿਕਲ ਨਿਊਟਰੀਸ਼ਨ ਐਂਡ ਡਾਇਟੈਟਿਕਸ (ਸਮੈਸਟਰ ਚੌਥੇ ਤੇ ਛੇਵੇਂ) ਤੇ ਬੀ.ਏ. ਹੋਮ ਸਾਇੰਸ (ਸਮੈਸਟਰ ਛੇਵੇਂ) ਦੀਆਂ 26 ਵਿਦਿਆਰਥਣਾਂ ਦੀ ਟੀਮ ਨੇ ਮਿਡ-ਡੇ-ਮੀਲ ਪ੍ਰੋਗਰਾਮ ਦੇ ਕੰਮਕਾਜ ਦਾ ਨਿਰੀਖਣ ਕਰਨ ਲਈ ਸਰਕਾਰੀ ਮਿਡਲ ਸਕੂਲ ਤਲਵੰਡੀ ਝੁੰਗਲਾਂ ਦਾ ਵਿਦਿਅਕ ਦੌਰਾ ਲਗਾਇਆ ਗਿਆ | ਇਸ ਦੌਰੇ ਦਾ ਉਦੇਸ਼ ਮਿਡ-ਡੇ-ਮੀਲ ਪ੍ਰੋਗਰਾਮ ਦੀ ਕਾਰਜ ਪ੍ਰਣਾਲੀ ਨੂੰ ਸਮਝਣਾ ਸੀ, ਜਿਸ 'ਚ ਭੋਜਨ ਸਟੋਰ ਕਰਨਾ, ਭੋਜਨ ਤਿਆਰ ਕਰਨ ਦੇ ਤਰੀਕਿਆਂ, ਪਰੋਸਨ ਦੀਆਂ ਪ੍ਰਕਿਰਿਆਵਾਂ, ਸਫ਼ਾਈ ਦੇ ਮਿਆਰਾਂ ਤੇ ਸਮੁੱਚੀ ਸੇਵਾ 'ਤੇ ਵਿਸ਼ੇਸ਼ ਧਿਆਨ ਦੇਣਾ ਸੀ | ਸੈਸ਼ਨ ਰਾਹੀਂ ਵਿਦਿਆਰਥਣਾਂ ਨੇ ਸਿਹਤ ਤੇ ਪੋਸ਼ਣ ਸੰਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ | ਦੇਵਨੂਰ ਕੌਰ (ਬੀ.ਏ. ਹੋਮ ਸਾਇੰਸ) ਨੇ ਸੰਤੁਲਿਤ ਖੁਰਾਕ ਦੀ ਮਹੱਤਤਾ 'ਤੇ ਭਾਸ਼ਣ ਦਿੱਤਾ | ਨਵਨੀਤ ਕੌਰ (ਸੀ.ਐਨ.ਡੀ.) ਨੇ ਜੰਕ ਫੂਡ ਦੀ ਖਪਤ ਦੇ ਨੁਕਸਾਨਦੇਹ ਪ੍ਰਭਾਵਾਂ 'ਤੇ ਚਾਨਣਾ ਪਾਇਆ, ਜਦ ਕਿ ਜਪਲੀਨ ਕੌਰ (ਸੀ.ਐਨ.ਡੀ.) ਨੇ ਸਕੂਲੀ ਬੱਚਿਆਂ ਵਿਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਸਮਝਾਉਣ ਲਈ ਫਲੈਸ਼ ਕਾਰਡਾਂ ਦੀ ਵਰਤੋਂ ਕੀਤੀ | ਜਸ਼ਨਪ੍ਰੀਤ ਕੌਰ (ਬੀ.ਐੱਸ.ਸੀ. ਸੀ.ਐਨ.ਡੀ.) ਨੇ ਫੂਡ ਪਿਰਾਮਿਡ ਮਾਡਲ ਰਾਹੀਂ ਵੱਖ-ਵੱਖ ਭੋਜਨ ਸਮੂਹਾਂ ਦੇ ਸੰਕਲਪ ਦਾ ਪ੍ਰਦਰਸ਼ਨ ਕੀਤਾ | ਹਰਪ੍ਰੀਤ ਕੌਰ (ਬੀ.ਐੱਸ.ਸੀ. ਸੀ.ਐੱਨ.ਡੀ.) ਨੇ ਸਿਹਤ ਅਤੇ ਪੋਸ਼ਣ ਜਾਗਰੂਕਤਾ ਤੇ ਕੇਂਦਿ੍ਤ ਇਕ ਦਿਲਚਸਪ ਬੋਰਡ ਖੇਡ ਕਰਵਾਈ ਗਈ | ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਇਸ ਪਹਿਲ ਕਦਮੀ ਦੀ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਅਨੁਭਵੀ ਸਿਖਲਾਈ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥਣਾਂ ਦੀ ਅਕਾਦਮਿਕ ਸਮਝ ਨੂੰ ਵਧਾਉਂਦੇ ਹਨ, ਬਲਕਿ ਭਾਈਚਾਰਕ ਸ਼ਮੂਲੀਅਤ ਅਤੇ ਸਮਾਜਿਕ ਜਿੰਮੇਵਾਰੀ ਨੂੰ ਵੀ ਉਤਸ਼ਾਹਿਤ ਕਰਦੇ ਹਨ |