ਪਠਾਨਕੋਟ, 25 ਫ਼ਰਵਰੀ (ਵਿਨੋਦ/ਸੰਧੂ)-ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਗੀਦਾਰੀ ਬਣਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ | ਇਸੇ ਸਬੰਧ 'ਚ ਅੱਜ ਜ਼ਿਲ੍ਹਾ ਪਠਾਨਕੋਟ ਦੇ ਸਮੂਹ 376 ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਦੀ ਅਗਵਾਈ ਹੇਠ ਨੰਨ੍ਹੇ ਮੁੰਨੇ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀਆਂ ਮਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਪ੍ਰਤੀ ਹੋਰ ਸੰਵੇਦਨਸ਼ੀਲ ਬਣਾਉਣ, ਮਾਵਾਂ ਦੇ ਨਾਲ ਬੱਚਿਆਂ ਦੇ ਮਨੋਵਿਗਿਆਨ ਤੇ ਭਾਵਨਾਤਮਿਕ ਵਿਕਾਸ ਬਾਰੇ ਚਰਚਾ ਕਰਨ, ਪ੍ਰੀ-ਪ੍ਰਾਇਮਰੀ ਸਿੱਖਿਆ ਸੰਬੰਧੀ ਮਾਵਾਂ ਨੂੰ ਜਾਗਰੂਕ ਕਰਨ, ਬੱਚਿਆਂ ਦੀ ਸਿਹਤ ਤੇ ਪੋਸ਼ਣ ਬਾਰੇ ਚਰਚਾ ਕਰਨ, ਹੈਂਡਮੇਡ ਮਟੀਰੀਅਲ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਅਧਿਆਪਕ ਤੇ ਮਾਪਿਆਂ ਵਿਚ ਤਾਲਮੇਲ ਬਣਾਉਣ ਦੇ ਉਦੇਸ਼ ਨਾਲ ਮਾਵਾਂ ਨੂੰ ਸਕੂਲ ਵਿਚ ਬੁਲਾ ਕੇ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਮਦਰ ਵਰਕਸ਼ਾਪ-4 ਆਯੋਜਿਤ ਕਰ ਜਾਣਕਾਰੀ ਸਾਂਝੀ ਕੀਤੀ ਗਈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਨੇ ਦੱਸਿਆ ਕਿ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ 12:30 ਵਜੇ ਤੱਕ ਪ੍ਰੀ-ਪ੍ਰਾਇਮਰੀ ਵਿਚ ਪੜ੍ਹਦੇ ਬੱਚਿਆਂ ਦੀ 90 ਫੀਸਦੀ ਮਾਵਾਂ ਨੇ ਵਰਕਸ਼ਾਪ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ 'ਚ ਮਾਵਾਂ ਦੀ ਭਾਗੀਦਾਰੀ ਬਣਾਈ ਗਈ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਿਸ਼ਨ ਰੋਡ ਵਿਚ ਮਦਰ ਵਰਕਸ਼ਾਪ 'ਚ ਸ਼ਿਰਕਤ ਕੀਤੀ ਤੇ ਮਾਵਾਂ ਨੂੰ ਵੱਧ ਤੋਂ ਵੱਧ ਸਕੂਲ ਵਿਚ ਅਧਿਆਪਕਾਂ ਨਾਲ ਰਾਬਤਾ ਬਣਾਈ ਰੱਖਣ ਲਈ ਪ੍ਰੇਰਿਤ ਕਰਦਿਆਂ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਮਾਵਾਂ ਨੂੰ ਜਾਣੂ ਕਰਵਾਇਆ | ਇਸ ਮੌਕੇੇ ਜ਼ਿਲ੍ਹਾ ਰਿਸੋਰਸ ਪਰਸਨ ਵਿਨੀਤ ਮਹਾਜਨ, ਸੀ.ਐਚ.ਟੀ. ਸੁਖਜੀਤ ਕੌਰ, ਐਚ.ਟੀ. ਰਿੰਪੀ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬੀ.ਆਰ.ਸੀ. ਬਿਸੰਭਰ ਦਾਸ ਤੇ ਬਲਕਾਰ ਅੱਤਰੀ ਆਦਿ ਹਾਜ਼ਰ ਸਨ |